ਪ੍ਰਸ਼ਾਸਨ ਅਤੇ NHAI ਨਾਲ ਸਹਿਮਤੀ ਤੋਂ ਬਾਅਦ ਕਿਸਾਨਾਂ ਵੱਲੋਂ 24 ਮਈ ਦਾ ਵਿਸ਼ਾਲ ਇਕੱਠ ਮੁਲਤਵੀ

ਪੰਜਾਬ
  • ਮਾਲ ਵਿਭਾਗ ਦੇ ਕਰਮਚਾਰੀਆਂ ਵੱਲੋ ਸਰਵੇ ਸ਼ੁਰੂ

ਸ੍ਰੀ ਚਮਕੌਰ ਸਾਹਿਬ/ਮੋਰਿੰਡਾ 22 ਮਈ (ਭਟੋਆ)

ਭਾਰਤ ਮਾਲਾ ਹਾਈਵੇਅ ਸੰਘਰਸ਼ ਮੋਰਚਾ ਅਤੇ ਕਿਸਾਨ ਯੂਨੀਅਨਾਂ ਵੱਲੋਂ ਪਿੰਡ ਗੱਗੋਂ ਵਿਖੇ 24 ਮਈ ਨੂੰ ਕੀਤਾ ਜਾਣ ਵਾਲਾ ਵਿਸ਼ਾਲ ਇਕੱਠ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਬੀਤੇ ਦਿਨੀਂ ਮੋਰਚੇ ਦੇ ਆਗੂਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ (NHAI) ਦੇ ਅਧਿਕਾਰੀਆਂ ਵਿਚਕਾਰ ਹੋਈਆਂ ਲਗਾਤਾਰ ਮੀਟਿੰਗਾਂ ਅਤੇ ਮੰਗਾਂ ‘ਤੇ ਬਣੀ ਲਿਖਤੀ ਸਹਿਮਤੀ ਤੋਂ ਬਾਅਦ ਲਿਆ ਗਿਆ ਹੈ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਮੋਰਚੇ ਦੇ ਆਗੂਆ ਜਸਪ੍ਰੀਤ ਸਿੰਘ ਗਧਰਾਮ, ਸੁਖਵਿੰਦਰ ਸਿੰਘ ਗੱਗੋਂ ਅਤੇ ਹਰਜਿੰਦਰ ਸਿੰਘ ਦੁੱਗਰੀ ਨੇ ਦੱਸਿਆ ਕਿ ਇਸ ਸਬੰਧੀ ਉਪ ਮੰਡਲ ਮੈਜਿਸਟਰੇਟ , ਸ੍ਰੀ ਚਮਕੌਰ ਸਾਹਿਬ ,ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸੀਨੀਅਰ ਪੁਲਿਸ ਕਪਤਾਨ (SSP) ਦੀ ਹਾਜ਼ਰੀ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਠੇਕੇਦਾਰ/ਕੰਨਟਰਕਸ਼ਨ ਕੰਪਨੀ ਨਾਲ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਕਿਸਾਨਾਂ ਦੇ ਮਸਲਿਆਂ ਤੇ ਵਿਚਾਰ ਕੀਤਾ ਗਿਆ , ਜਿਸ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਜੋ ਮਸਲੇ ਪਹਿਲਾਂ ਹੀ ਹੱਲ ਕਰਨ ਦੀ ਸਹਿਮਤੀ ਦਿੱਤੀ ਹੋਈ ਹੈ, ਉਨ੍ਹਾਂ ਸਬੰਧੀ ਮੌਕੇ ਤੇ ਹੀ ਨੈਸ਼ਨਲ ਹਾਈਵੇ ਅਥਾਰਟੀ ਅਤੇ ਠੇਕੇਦਾਰ/ਕੈਨਟਰਕਸ਼ਨ ਕੰਪਨੀ ਦੇ ਨੁਮਾਇੰਦਿਆਂ ਨੂੰ ਹੱਲ ਕਰਨ ਲਈ ਹਦਾਇਤ ਕੀਤੀ ਗਈ ਅਤੇ ਮਾਲ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਕਿਸਾਨ ਆਗੂਆਂ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਨਾਲ ਲੈ ਕੇ ਸਰਵੇ ਕਰਨ ਲਈ ਲਗਾਈ ਗਈ।

ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਐਸਡੀਐਮ ਸ੍ਰੀ ਚਮਕੌਰ ਸਾਹਿਬ ਵੱਲੋਂ ਬਕਾਇਦਾ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਭਾਰਤ ਮਾਲਾ ਪ੍ਰੋਜੈਕਟ ਤਹਿਤ ਸੜਕ ਦੇ ਆਰ-ਪਾਰ ਹੁੰਦੇ ਰਸਤਿਆਂ ‘ਤੇ ਲੱਗਦੀਆਂ ਜ਼ਮੀਨਾਂ ਦੇ ਮਾਲਕਾਂ ਨੂੰ ਆਪਣੀ ਜ਼ਮੀਨ ਵਿੱਚ ਜਾਣ ਲਈ ਪੂਰੀ ਸੁਵਿਧਾ ਦਿੱਤੀ ਜਾਵੇਗੀ।

ਸੜਕ ਦੇ ਆਰ-ਪਾਰ ਬਣੇ ਲਿੰਕ ਰਸਤਿਆਂ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਭਾਰੀ ਵਾਹਨਾਂ ਕਾਰਨ ਟੁੱਟੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਜਾਵੇਗਾ, ਬਰਸਾਤੀ ਪਾਣੀ ਦੀ ਨਿਕਾਸੀ ਲਈ NHAI ਦੀ ਸੜਕ ਦੇ ਅੰਦਰ ਪੱਕਾ ਪ੍ਰਬੰਧ ਕੀਤਾ ਜਾਵੇਗਾ। ਨਵੇਂ ਪ੍ਰੋਜੈਕਟ ਦੇ ਹੇਠਾਂ ਆਈਆਂ ਪੁਲੀਆਂ/ਪਾਈਪਾਂ ਦੀ ਸਫਾਈ ਕੀਤੀ ਜਾਵੇਗੀ ਅਤੇ 13-13 ਫੁੱਟ ਦੀ ਜਗ੍ਹਾ ਵਿੱਚ ਲੱਗੇ ਖੰਭਿਆਂ ਨੂੰ ਤਰਤੀਬ ਵਿੱਚ ਲਗਾਇਆ ਜਾਵੇਗਾ।

ਮੋਰਚੇ ਦੇ ਆਗੂਆ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਠੇਕੇਦਾਰ/ਕੰਸਟਰੱਕਸ਼ਨ ਕੰਪਨੀ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਕਿ ਇਹ ਕੰਮ ਤੁਰੰਤ ਸ਼ੁਰੂ ਕਰਨ ਲਈ ਨੈਸ਼ਨਲ ਹਾਈਵੇ ਅਥਾਰਟੀ ਅਤੇ ਠੇਕੇਦਾਰ/ਕੰਨਟਰਕਸ਼ਨ ਕੰਪਨੀ ਨੂੰ ਹਦਾਇਤ ਕਰ ਦਿੱਤੀ ਗਈ ਹੈ ਅਤੇ ਮਿਉਂਸਪਲ ਚੋਣਾਂ-2026 ਦਾ ਕੰਮ ਖਤਮ ਹੋਣ ਉਪਰੰਤ ਮਿਤੀ 30-05-2026 ਤੋਂ ਬਾਅਦ ਡਿਪਟੀ ਕਮਿਸ਼ਨਰ, ਰੂਪਨਗਰ ਅਤੇ ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਵਲੋਂ ਇਸ ਹੋ ਰਹੇ ਕੰਮ ਦੀ ਪ੍ਰੋਗਰੈਸ ਸਬੰਧੀ ਸਮੀਖਿਆ ਵੀ ਕੀਤੀ ਜਾਵੇਗੀ ਅਤੇ ਅਗਲੇ ਦਿਸ਼ਾ-ਨਿਰਦੇਸ਼ ਮੌਕੇ ਮੁਤਾਬਿਕ ਦਿੱਤੇ ਜਾਣਗੇ।

ਮੋਰਚੇ ਦੇ ਆਗੂਆ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋ ਉਪਰੋਕਤ ਮੰਗਾਂ ਪੂਰੀਆਂ ਕਰਨ ਸਬੰਧੀ ਲਿਖਤੀ ਪੱਤਰ ਮਿਲਣ ਉਪਰੰਤ 24 ਮਈ ਦਾ ਵਿਸ਼ਾਲ ਇਕੱਠ ਫਿਲਹਾਲ 30 ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਜਦਕਿ ਚੱਲ ਰਿਹਾ ਧਰਨਾ ਪਹਿਲਾਂ ਵਾਂਗ ਹੀ ਨਿਰੰਤਰ ਜਾਰੀ ਰਹੇਗਾ।
ਇਸ ਮੌਕੇ ਤੇ ਹੋਰਨਾ ਤੋ ਬਿਨਾਂ ਨੰਬਰਦਾਰ ਮਨਿੰਦਰ ਸਿੰਘ ਗੱਗੋ, ਕੁਲਦੀਪ ਸਿੰਘ ਕੋਟਲੀ, ਸਾਧ ਸਿੰਘ ਸਾਬਕਾ ਸਰਪੰਚ ,ਕੁਲਦੀਪ ਸਿੰਘ ਮੁੰਡੀਆ, ਧਰਮਿੰਦਰ ਸਿੰਘ ਬਲਾਕ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਦੁਗਰੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।