ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਮੁੰਬਈ ਤੋਂ ਇੰਗਲੈਂਡ ਲਈ ਰਵਾਨਾ ਹੋ ਗਈ ਹੈ। ਪ੍ਰਸ਼ੰਸਕਾਂ ਨੇ ਢੋਲ ਅਤੇ ਨਾਗਾੜਿਆਂ ਦੀ ਤਾਲ ‘ਤੇ ਤਿਲਕ ਲਗਾ ਕੇ ਖਿਡਾਰੀਆਂ ਨੂੰ ਵਿਦਾਇਗੀ ਦਿੱਤੀ ਗਈ। ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਕਰ ਰਹੀ ਹੈ, ਜਿਸਨੇ ਪਿਛਲੇ ਸਾਲ ਭਾਰਤ ਨੂੰ ਆਪਣੀ ਪਹਿਲੀ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ‘ਚ ਜਿੱਤ ਦਿਵਾਈ ਸੀ। ਉਸ ਟੀਮ ਦੀਆਂ ਗਿਆਰਾਂ ਖਿਡਾਰਨਾਂ ਟੀਮ ਦਾ ਹਿੱਸਾ ਹਨ।
ਟੀਮ ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ-20 ਲੜੀ ਖੇਡੇਗੀ, ਜੋ ਸੀਮਤ ਓਵਰਾਂ ਦੇ ਆਈਸੀਸੀ ਟੂਰਨਾਮੈਂਟ ਦੀਆਂ ਤਿਆਰੀਆਂ ਲਈ ਮਹੱਤਵਪੂਰਨ ਹੈ। ਇਹ ਲੜੀ 28 ਮਾਰਚ ਤੋਂ ਸ਼ੁਰੂ ਹੋ ਰਹੀ ਹੈ।
ਟੀ-20 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮੀਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਭਾਰਤੀ ਫੁਲਮਾਲੀ, ਸ਼੍ਰੀ ਚਰਨੀ, ਯਸਤਿਕਾ ਭਾਟੀਆ, ਨੰਦਿਨੀ ਸ਼ਰਮਾ, ਅਰੁੰਧਤੀ ਰੈੱਡੀ, ਕ੍ਰਾਂਤੀ ਗੌੜ, ਰੇਣੂਕਾ ਸਿੰਘ ਠਾਕੁਰ, ਸ਼੍ਰੇਯੰਕਾ ਪਾਟਿਲ ਅਤੇ ਰਾਧਾ ਯਾਦਵ।
ਭਾਰਤ ਦਾ ਪਹਿਲਾ ਮੈਚ 14 ਜੂਨ ਨੂੰ ਐਜਬੈਸਟਨ ਵਿਖੇ ਪਾਕਿਸਤਾਨ ਵਿਰੁੱਧ ਹੋਵੇਗਾ। ਫਿਰ ਟੀਮ ਇੰਡੀਆ ਨੀਦਰਲੈਂਡ, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਿਰੁੱਧ ਖੇਡੇਗੀ। ਟੂਰਨਾਮੈਂਟ ਵਿੱਚ 12 ਟੀਮਾਂ ਨੂੰ ਛੇ-ਛੇ ਦੇ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਵਿੱਚੋਂ ਦੋ-ਦੋ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ।



