ਚੰਡੀਗੜ੍ਹ, 28 ਮਈ 2026- ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਤੋਂ ਲੋਕਾਂ ਨੂੰ ਵੀਰਵਾਰ ਨੂੰ ਥੋੜ੍ਹੀ ਰਾਹਤ ਮਿਲੀ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਲੁਧਿਆਣਾ ਸਮੇਤ ਕਈ ਹੋਰ ਥਾਵਾਂ ‘ਤੇ ਤੇਜ਼ ਹਨੇਰੀ ਚੱਲੀ।
ਮੌਸਮ ਵਿਭਾਗ ਮੁਤਾਬਕ ਪੱਛਮੀ ਵਿਘਨ (Western Disturbance) ਦੇ ਸਰਗਰਮ ਹੋਣ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੇ ਕਹਿਰ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਆਉਣ ਵਾਲੇ ਦਿਨਾਂ ਵਿੱਚ ਮੀਂਹ ਅਤੇ ਹਨੇਰੀ ਕਾਰਨ ਲੋਕਾਂ ਨੂੰ ਹੁੰਮਸ ਅਤੇ ਤਪਸ਼ ਤੋਂ ਬਹੁਤ ਜਲਦ ਸੁਖਦ ਰਾਹਤ ਮਿਲੇਗੀ।
ਭਾਰੀ ਮੀਂਹ ਅਤੇ ਗੜੇਮਾਰੀ ਦਾ ਅਲਰਟ (Pre-Monsoon Alert)
ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਅਨੁਸਾਰ, ਆਉਣ ਵਾਲੇ ਤਿੰਨ ਦਿਨਾਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਝੱਖੜ/ਹਨੇਰੀ ਚੱਲ ਸਕਦੀ ਹੈ।
ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਗੜੇਮਾਰੀ ਅਤੇ ਪ੍ਰੀ-ਮਾਨਸੂਨ ਦੀ ਭਾਰੀ ਬਾਰਸ਼ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਬਦਲਾਅ ਸਦਕਾ ਪੰਜਾਬ ਦੇ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੱਕ ਦੀ ਵੱਡੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਹਾਲਾਂਕਿ, ਵਿਭਾਗ ਨੇ ਇਹ ਵੀ ਦੱਸਿਆ ਕਿ ਵੀਰਵਾਰ ਨੂੰ ਕੁਝ ਸੀਮਤ ਸਥਾਨਾਂ ‘ਤੇ ਲੂ (Heat Wave) ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਪਮਾਨ ਵਿੱਚ 1.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਸੀ, ਜੋ ਕਿ ਆਮ ਨਾਲੋਂ 4.1 ਡਿਗਰੀ ਸੈਲਸੀਅਸ ਉੱਪਰ ਚੱਲ ਰਿਹਾ ਸੀ।
ਲੰਘੇ ਦਿਨ ਫਰੀਦਕੋਟ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ……..
ਪਟਿਆਲਾ: 44.8°C
ਅੰਮ੍ਰਿਤਸਰ: 44.1°C
ਲੁਧਿਆਣਾ / ਫਾਜ਼ਿਲਕਾ: 43.8°C
ਰੂਪਨਗਰ: 42.7°C
ਫਿਰੋਜ਼ਪੁਰ: 42.2°C
ਪਠਾਨਕੋਟ: 41.6°C
ਐਸ.ਬੀ.ਐਸ. ਨਗਰ: 41.5°C
ਹੁਸ਼ਿਆਰਪੁਰ: 41.3°C
ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿਖੇ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਠਿੰਡਾ ਦਾ ਨਿਊਨਤਮ ਪਾਰਾ 26.7 ਡਿਗਰੀ, ਲੁਧਿਆਣਾ ਦਾ 25.8 ਡਿਗਰੀ, ਪਟਿਆਲਾ ਦਾ 25.3 ਡਿਗਰੀ, ਫਾਜ਼ਿਲਕਾ ਦਾ 25.0 ਡਿਗਰੀ, ਫਿਰੋਜ਼ਪੁਰ ਦਾ 23.5 ਡਿਗਰੀ, ਅੰਮ੍ਰਿਤਸਰ ਦਾ 23.1 ਡਿਗਰੀ ਅਤੇ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 22.6 ਡਿਗਰੀ ਸੈਲਸੀਅਸ ਰਿਹਾ।
ਆਉਣ ਵਾਲੇ ਦਿਨਾਂ ਵਿੱਚ ਮੀਂਹ ਅਤੇ ਹਨੇਰੀ ਕਾਰਨ ਲੋਕਾਂ ਨੂੰ ਹੁੰਮਸ ਅਤੇ ਤਪਸ਼ ਤੋਂ ਬਹੁਤ ਜਲਦ ਸੁਖਦ ਰਾਹਤ ਮਿਲੇਗੀ।



