Breaking: ਮਸ਼ਹੂਰ ਗਾਇਕਾ ਦਾ ਦਿਹਾਂਤ

Punjab ਚੰਡੀਗੜ੍ਹ ਟ੍ਰਾਈਸਿਟੀ ਪੰਜਾਬ ਮਨੋਰੰਜਨ ਰੁਜ਼ਗਾਰ

ਮਸ਼ਹੂਰ ਗਾਇਕਾ ਦਾ ਦਿਹਾਂਤ

ਮੁੰਬਈ, 1 ਜੂਨ 2026:

ਸੰਗੀਤ ਪ੍ਰੇਮੀਆਂ ਅਤੇ ਭਾਰਤੀ ਸਿਨੇਮਾ ਲਈ ਅੱਜ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਆਪਣੇ ਸਮੇਂ ਦੀ ਮਸ਼ਹੂਰ ਅਤੇ ਦਿੱਗਜ ਪਿੱਠਵਰਤੀ ਗਾਇਕਾ ਸੁਮਨ ਕਲਿਆਣਪੁਰ (Suman Kalyanpur) ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।

ਉਨ੍ਹਾਂ ਨੇ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਤੇ ਬਹੁਤ ਹੀ ਸ਼ਾਂਤੀ ਨਾਲ ਆਖਰੀ ਸਾਹ ਲਏ। ਉਨ੍ਹਾਂ ਦੀ ਮਧੁਰ ਆਵਾਜ਼ ਨੇ ਕਈ ਪੀੜ੍ਹੀਆਂ ਦੇ ਦਿਲਾਂ ਨੂੰ ਛੂਹਿਆ ਸੀ। ਅੱਜ ਉਨ੍ਹਾਂ ਦੇ ਤੁਰ ਜਾਣ ਨਾਲ ਪੂਰੀ ਫ਼ਿਲਮ ਇੰਡਸਟਰੀ ਅਤੇ ਦੁਨੀਆ ਭਰ ਵਿੱਚ ਫੈਲੇ ਲੱਖਾਂ ਪ੍ਰਸ਼ੰਸਕ ਸੋਗ ਵਿੱਚ ਡੁੱਬੇ ਹੋਏ ਹਨ।

ਸੁਮਨ ਕਲਿਆਣਪੁਰ ਪਿਛਲੇ ਕੁਝ ਸਾਲਾਂ ਤੋਂ ਵਧਦੀ ਉਮਰ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਕਰੀਬੀ ਦੋਸਤ ਮੰਗਲਾ ਖਾਡਿਲਕਰ ਅਨੁਸਾਰ, ਸੁਮਨ ਜੀ ਨੇ ਐਤਵਾਰ ਰਾਤ ਕਰੀਬ 8 ਵਜੇ ਬੜੇ ਹੀ ਸ਼ਾਂਤ ਤਰੀਕੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਬੇਹੱਦ ਭਾਵੁਕ ਕਰਨ ਵਾਲੀ ਗੱਲ ਇਹ ਰਹੀ ਕਿ ਆਪਣੇ ਅੰਤਿਮ ਸਮੇਂ ਦੌਰਾਨ ਉਹ ਖ਼ੁਦ ਦੇ ਹੀ ਗਾਏ ਹੋਏ ਸਦਾਬਹਾਰ ਸੁਰੀਲੇ ਗੀਤ ਸੁਣ ਰਹੇ ਸਨ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਬੇਟੀ ਚਾਰੂ ਨੂੰ ਛੱਡ ਗਏ ਹਨ।

ਸੁਮਨ ਕਲਿਆਣਪੁਰ ਦਾ ਜਨਮ 28 ਜਨਵਰੀ 1937 ਨੂੰ ਢਾਕਾ (ਹੁਣ ਬੰਗਲਾਦੇਸ਼) ਵਿੱਚ ਹੋਇਆ ਸੀ। ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਮੁੰਬਈ ਆ ਕੇ ਵੱਸ ਗਿਆ। ਬਚਪਨ ਤੋਂ ਹੀ ਸੰਗੀਤ ਨਾਲ ਡੂੰਘਾ ਲਗਾਵ ਹੋਣ ਕਰਕੇ ਉਨ੍ਹਾਂ ਨੇ 1950 ਦੇ ਦਹਾਕੇ ਵਿੱਚ ਗਾਇਕੀ ਦੀ ਦੁਨੀਆ ਵਿੱਚ ਕਦਮ ਰੱਖਿਆ। ਉਨ੍ਹਾਂ ਦੀ ਸਾਫ਼, ਮਧੁਰ ਅਤੇ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਕਾਰਨ ਲੋਕਾਂ ਨੂੰ ਉਨ੍ਹਾਂ ਵਿੱਚੋਂ ਸੁਰ ਕੋਕਿਲਾ ਲਤਾ ਮੰਗੇਸ਼ਕਰ ਜੀ ਦੀ ਯਾਦ ਆਉਂਦੀ ਸੀ।

ਆਪਣੇ ਸ਼ਾਨਦਾਰ ਕਰੀਅਰ ਵਿੱਚ ਉਨ੍ਹਾਂ ਨੇ ਹਿੰਦੀ ਤੋਂ ਇਲਾਵਾ ਕਈ ਹੋਰ ਖੇਤਰੀ ਭਾਸ਼ਾਵਾਂ ਵਿੱਚ 850 ਤੋਂ ਵੱਧ ਗੀਤ ਗਾਏ। ਉਨ੍ਹਾਂ ਦੇ ਗਾਏ ਕਈ ਗੀਤ ਜਿਵੇਂ ਕਿ ‘ਨਾ ਨਾ ਕਰਤੇ ਪਿਆਰ ਤੁਹੀਂ ਸੇ ਕਰ ਬੈਠੇ’, ‘ਤੁਮਨੇ ਪੁਕਾਰਾ ਹਮ ਚਲੇ ਆਏ’ ਅਤੇ ‘ਆਜ ਕਲ ਤੇਰੇ ਮੇਰੇ ਪਿਆਰ ਕੇ ਚਰਚੇ’ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਗੁਣਗੁਣਾਉਂਦੇ ਹਨ।

ਸੁਮਨ ਕਲਿਆਣਪੁਰ ਦੇ ਅਚਨਚੇਤ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਸਮੇਤ ਦੇਸ਼ ਦੇ ਸਿਆਸੀ ਗਲਿਆਰਿਆਂ ਵਿੱਚ ਸੋਗ ਦੀ ਲਹਿਰ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸੀਨੀਅਰ ਸਿਆਸਤਦਾਨ ਸ਼ਰਦ ਪਵਾਰ ਸਮੇਤ ਕਈ ਦਿੱਗਜਾਂ ਨੇ ਗਾਇਕਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਿਵਾਰਕ ਮੈਂਬਰਾਂ ਮੁਤਾਬਕ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ (1 ਜੂਨ, 2026) ਸਵੇਰੇ ਮੁੰਬਈ ਦੇ ਪਵਨ ਹੰਸ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।