ਵੱਡੀ ਖ਼ਬਰ: ਅਦਾਲਤ ਨੇ 3 ਵਿਦਿਆਰਥੀਆਂ ਨੂੰ ਸੁਣਾਈ 10-10 ਸਾਲ ਦੀ ਸਖ਼ਤ ਸਜ਼ਾ

Punjab ਚੰਡੀਗੜ੍ਹ ਟ੍ਰਾਈਸਿਟੀ ਪੰਜਾਬ

ਵੱਡੀ ਖ਼ਬਰ: ਅਦਾਲਤ ਨੇ 3 ਵਿਦਿਆਰਥੀਆਂ ਨੂੰ ਸੁਣਾਈ 10-10 ਸਾਲ ਦੀ ਸਖ਼ਤ ਸਜ਼ਾ

ਮੋਹਾਲੀ/ਚੰਡੀਗੜ੍ਹ, 5 ਜੂਨ 2026: ਮੋਹਾਲੀ ਸਥਿਤ ਵਿਸ਼ੇਸ਼ ਐਨ.ਆਈ.ਏ. (NIA) ਅਦਾਲਤ ਨੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਇੱਕ ਬੇਹੱਦ ਸੰਵੇਦਨਸ਼ੀਲ ਮਾਮਲੇ ਵਿੱਚ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ‘ਅੰਸਾਰ ਗਜ਼ਵਾਤ-ਉਲ-ਹਿੰਦ’ (AGH) ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਸਾਲ 2018 ਵਿੱਚ ਜਲੰਧਰ ਦੇ ਇੱਕ ਕਾਲਜ ਹੋਸਟਲ ‘ਚੋਂ ਹਥਿਆਰਾਂ ਸਮੇਤ ਫੜੇ ਜਾਣ ਅਤੇ ਦੇਸ਼ ਖ਼ਿਲਾਫ਼ ਅੱਤਵਾਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਦਿੱਤੀ ਗਈ ਹੈ।

ਅਦਾਲਤ ਨੇ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਜ਼ਾਹਿਦ ਗੁਲਜ਼ਾਰ, ਯਾਸਿਰ ਰਫ਼ੀਕ ਭੱਟ ਅਤੇ ਮੁਹੰਮਦ ਇਦਰੀਸ ਸ਼ਾਹ ਨੂੰ ਲੰਘੀ 1 ਜੂਨ ਨੂੰ ਦੋਸ਼ੀ ਕਰਾਰ ਦਿੱਤਾ ਸੀ। ਵੀਰਵਾਰ ਨੂੰ ਜੇਲ੍ਹ ਵਿੱਚ ਬੰਦ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਹੇਠ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA), ਅਸਲਾ ਐਕਟ ਅਤੇ ਵਿਸਫੋਟਕ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਜ਼ਾ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ਦੇ ਇੱਕ ਹੋਰ ਮੁਲਜ਼ਮ ਸੁਹੇਲ ਅਹਿਮਦ ਭੱਟ ਨੂੰ ਅਦਾਲਤ ਨੇ ਸਬੂਤਾਂ ਦੀ ਘਾੜ੍ਹ ਕਾਰਨ ਪਹਿਲਾਂ ਹੀ ਬਰੀ ਕਰ ਦਿੱਤਾ ਸੀ।

ਇਹ ਮਾਮਲਾ ਅਕਤੂਬਰ 2018 ਦਾ ਹੈ, ਜਦੋਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਇੱਕ ਕਾਲਜ ਵਿੱਚ ਪੜ੍ਹਦੇ ਕੁਝ ਕਸ਼ਮੀਰੀ ਵਿਦਿਆਰਥੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਹਨ। ਪੁਲਿਸ ਨੇ 10 ਅਕਤੂਬਰ 2018 ਨੂੰ ਕਾਲਜ ਹੋਸਟਲ ਦੇ ਇੱਕ ਕਮਰੇ ਵਿੱਚ ਅਚਨਚੇਤ ਛਾਪੇਮਾਰੀ ਕਰਕੇ ਜ਼ਾਹਿਦ ਗੁਲਜ਼ਾਰ (ਵਾਸੀ ਅਵੰਤੀਪੋਰਾ), ਯਾਸਿਰ ਰਫ਼ੀਕ ਭੱਟ (ਵਾਸੀ ਤਰਾਲ) ਅਤੇ ਮੁਹੰਮਦ ਇਦਰੀਸ ਸ਼ਾਹ (ਵਾਸੀ ਪੁਲਵਾਮਾ) ਨੂੰ ਦਬੋਚ ਲਿਆ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਫੜਿਆ ਗਿਆ ਮੁਲਜ਼ਮ ਯਾਸਿਰ ਰਫ਼ੀਕ ਭੱਟ, ਮਾਰੇ ਜਾ ਚੁੱਕੇ ਖੂੰਖਾਰ ਅੱਤਵਾਦੀ ਜ਼ਾਕਿਰ ਮੂਸਾ ਦਾ ਚਚੇਰਾ ਭਰਾ ਹੈ। ਹੋਸਟਲ ਦੇ ਕਮਰੇ ‘ਚੋਂ ਮਿਲਿਆ ਸੀ ਹਥਿਆਰਾਂ ਦਾ ਜ਼ਖੀਰਾ

ਗ੍ਰਿਫ਼ਤਾਰੀ ਦੌਰਾਨ ਹੋਸਟਲ ਦੇ ਕਮਰੇ ‘ਚੋਂ ਬਰਾਮਦ ਹੋਏ ਹਥਿਆਰਾਂ ਨੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉਡਾ ਦਿੱਤੇ ਸਨ। ਇੱਕ AK-56 ਰਾਈਫਲ, ਇੱਕ .30-ਬੋਰ ਮਾਊਜ਼ਰ ਪਿਸਤੌਲ, ਭਾਰੀ ਮਾਤਰਾ ਵਿੱਚ ਜ਼ਿੰਦਾ ਗੋਲੀ-ਸਿੱਕਾ ਕਰੀਬ ਇੱਕ ਕਿੱਲੋ ਖ਼ਤਰਨਾਕ ਵਿਸਫੋਟਕ ਪਾਊਡਰ (ਅਮੋਨੀਅਮ ਨਾਈਟ੍ਰੇਟ ਦਾ ਮਿਸ਼ਰਣ) ਬਰਾਮਦ ਕੀਤਾ ਸੀ।

ਜਾਂਚ ਏਜੰਸੀਆਂ ਮੁਤਾਬਕ, ਅੱਤਵਾਦੀ ਸੰਗਠਨ ‘ਅੰਸਾਰ ਗਜ਼ਵਾਤ-ਉਲ-ਹਿੰਦ’ (AGH) ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਮੋਹਰੇ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਇਹ ਮੁਲਜ਼ਮ ਆਪਣੀਆਂ ਦੇਸ਼ ਵਿਰੋਧੀ ਗਤੀਵਿਧੀਆਂ ਦੇ ਸਿਲਸਿਲੇ ਵਿੱਚ ਅਕਸਰ ਚੰਡੀਗੜ੍ਹ ਵਿਖੇ ਵੀ ਆਉਂਦੇ-ਜਾਂਦੇ ਰਹਿੰਦੇ ਸਨ। ਅਦਾਲਤ ਦੇ ਇਸ ਫੈਸਲੇ ਨਾਲ ਦੇਸ਼ ਵਿਰੋਧੀ ਅਨਸਰਾਂ ਨੂੰ ਇੱਕ ਸਖ਼ਤ ਸੁਨੇਹਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।