ਚੁਟਕਲਿਆਂ ਨਾਲ ਸਰਕਾਰ ਨਹੀਂ, ਸਿਨੇਮਾ ਹਾਲ ਚੱਲ ਸਕਦੇ ਹਨ – ਨਾਇਬ ਸਿੰਘ ਸੈਣੀ ਦਾ ਤੰਜ

ਪੰਜਾਬ
  • ਹਰਿਆਣਾ ਦੇ ਮੁੱਖ ਮੰਤਰੀ ਨੇ ਧੂਰੀ ਦੀ ਇਤਿਹਾਸਕ ਧਰਤੀ ਤੋਂ ਫੂਕਿਆ ਬਦਲਾਅ ਦਾ ਬਿਗੁਲ, ਪੰਜਾਬ ਵਿੱਚ ਡਬਲ ਇੰਜਣ ਸਰਕਾਰ ਬਣਾਉਣ ਦੀ ਕੀਤੀ ਅਪੀਲ
  • ਕਿਹਾ, ਪੰਜਾਬ ਦੀ ਜਨਤਾ ‘ਆਪ’ ਦੇ ਝੂਠੇ ਵਾਅਦਿਆਂ ਅਤੇ ਖੋਖਲੇ ਭਰੋਸਿਆਂ ਤੋਂ ਅੱਕ ਚੁੱਕੀ ਹੈ
  • ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕ੍ਰਾਂਤੀਕਾਰੀ ਨਹੀਂ, ਸਗੋ ਭ੍ਰਾਂਤੀਕਾਰੀ ਦੱਸਿਆ

ਚੰਡੀਗੜ੍ਹ, 7 ਜੂਨ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਪੰਜਾਬ ਦੇ ਧੂਰੀ ਵਿੱਚ ਆਯੋਜਿਤ ਵਿਸ਼ਾਲ ਜਨਸਭਾ ਵਿੱਚ ਰਾਜ ਅੰਦਰ ਸਿਆਸੀ ਬਦਲਾਅ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਚੁਟਕਲਿਆਂ ਤੋਂ ਇਲਾਵਾ ਕੁਝ ਹੋਰ ਨਹੀਂ ਆਉਂਦਾ। ਚੁਟਕਲਿਆਂ ਨਾਲ ਸਿਨੇਮਾ ਹਾਲ ਤਾਂ ਚੱਲ ਸਕਦੇ ਹਨ ਪਰ ਸਰਕਾਰ ਨਹੀਂ ਚੱਲ ਸਕਦੀ। ਇਹੀ ਕਾਰਨ ਹੈ ਕਿ ਪੰਜਾਬ ਦੀ ਜਨਤਾ ਹੁਣ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਖੋਖਲੇ ਭਰੋਸਿਆਂ ਦੀ ਸਿਆਸਤ ਤੋਂ ਅੱਕ ਚੁੱਕੀ ਹੈ ਅਤੇ ਵਿਕਾਸ, ਸੁਸ਼ਾਸਨ ਤੇ ਪਾਰਦਰਸ਼ੀ ਪ੍ਰਸ਼ਾਸਨ ਦਾ ਨਵਾਂ ਰਾਹ ਚੁਣਨ ਲਈ ਤਿਆਰ ਹੈ। ਜਨਸਭਾ ਵਿੱਚ ਉਮੜੇ ਭਾਰੀ ਇਕੱਠ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਧੂਰੀ ਦੀ ਜਨਤਾ ਦਾ ਉਤਸ਼ਾਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਸੂਬੇ ਵਿੱਚ ਬਦਲਾਅ ਦੀ ਮਜ਼ਬੂਤ ਲਹਿਰ ਚੱਲ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦੇ ਹਨ ਪਰ ਅਸਲ ਵਿੱਚ ਇਹ ਭ੍ਰਾਂਤੀਕਾਰੀ ਹਨ ਜੋ ਆਪਣੀਆਂ ਕਮੀਆਂ ਨੂੰ ਛੁਪਾਉਣ ਲਈ ਦੂਜਿਆਂ ਦੇ ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਨਤਾ ਨੂੰ ਗੁਮਰਾਹ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਧੂਰੀ ਮੁੱਖ ਮੰਤਰੀ ਦਾ ਚੋਣ ਹਲਕਾ ਹੈ ਪਰ ਮੁੱਖ ਮੰਤਰੀ ਤਾਂ ਪੰਜਾਬ ਹੀ ਨਹੀਂ ਸਗੋ ਧੂਰੀ ਤੋਂ ਵੀ ਦੂਰੀ ਬਣਾ ਚੁੱਕੇ ਹਨ। ਪੰਜਾਬ ਕਦੇ ਵਿਕਾਸ ਦੇ ਮਾਮਲੇ ਵਿੱਚ ਹੋਰਨਾਂ ਰਾਜਾਂ ਤੋਂ ਕਾਫੀ ਅੱਗੇ ਹੁੰਦਾ ਸੀ, ਜਿਸ ਨੂੰ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਆਪਣੇ ਨਿੱਜੀ ਸਵਾਰਥਾਂ ਕਰਕੇ ਪੱਛੜੇ ਰਾਜਾਂ ਦੀ ਸ਼੍ਰੇਣੀ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਅੱਜ ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਜੰਗ ਸਿਰਫ਼ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਹੀ ਲੜੀ ਜਾ ਰਹੀ ਹੈ, ਜ਼ਮੀਨੀ ਪੱਧਰ ‘ਤੇ ਕੋਈ ਕੰਮ ਨਹੀਂ ਹੋ ਰਿਹਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਇਸ ਅੰਨਦਾਤੇ ਨੇ 2022 ਵਿੱਚ ‘ਆਪ’ ਪਾਰਟੀ ‘ਤੇ ਭਰੋਸਾ ਕਰਕੇ ਉਸ ਨੂੰ ਵੋਟ ਦਿੱਤੀ, ਪਰ ਪੰਜਾਬ ਵਿੱਚ ਨਾ ਤਾਂ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਨੂੰ ਐਮ.ਐਸ.ਪੀ. ਦਾ ਲਾਭ ਮਿਲਿਆ ਅਤੇ ਨਾ ਹੀ ਖ਼ਰਾਬੇ ਦਾ ਯੋਗ ਮੁਆਵਜ਼ਾ ਦਿੱਤਾ ਜਾਂਦਾ ਹੈ। ਇਹ ਕਿਸਾਨਾਂ ਨਾਲ ਕੀਤਾ ਗਿਆ ਸਭ ਤੋਂ ਵੱਡਾ ਵਿਸ਼ਵਾਸਘਾਤ ਹੈ, ਜਿਸ ਦਾ ਜਵਾਬ ਕਿਸਾਨ ਭਰਾ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਦੇਣਗੇ। ਇਸ ਦੇ ਉਲਟ, ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜਿੱਥੇ ਸਰਕਾਰ ਆਪਣੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਨੂੰ ਐਮ.ਐਸ.ਪੀ. ‘ਤੇ ਖਰੀਦਦੀ ਹੈ। ਇਸੇ ਤਰ੍ਹਾਂ ਕੁਦਰਤੀ ਆਪਦਾ ਵਿੱਚ ਕਿਸਾਨ ਦੇ ਨੁਕਸਾਨ ਦੀ ਭਰਪਾਈ ਕਰਨ ਵਿੱਚ ਵੀ ਹਰਿਆਣਾ ਸਰਕਾਰ ਕਾਫੀ ਅੱਗੇ ਹੈ। ਪਿਛਲੇ ਸਾਲ ਹੋਈ ਬਾਰਸ਼ ਅਤੇ ਹੜ੍ਹਾਂ ਕਾਰਨ ਫ਼ਸਲ ਖ਼ਰਾਬ ਹੋਣ ‘ਤੇ ਹਰਿਆਣਾ ਵਿੱਚ ਕਿਸਾਨਾਂ ਨੂੰ 16500 ਕਰੋੜ ਰੁਪਏ ਦੀ ਆਰਥਿਕ ਮਦਦ ਕੀਤੀ ਗਈ ਹੈ। ਫ਼ਸਲ ਵੇਚਣ ਲਈ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਜੇ-ਫ਼ਾਰਮ ਤੁਰੰਤ ਆਨਲਾਈਨ ਮਿਲਦਾ ਹੈ ਅਤੇ 72 ਘੰਟਿਆਂ ਦੇ ਅੰਦਰ-ਅੰਦਰ ਫ਼ਸਲ ਦਾ ਪੈਸਾ ਕਿਸਾਨ ਦੇ ਖਾਤੇ ਵਿੱਚ ਭੇਜ ਦਿੱਤਾ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਬੜੀ ਮੁਸ਼ਕਲ ਨਾਲ ਕਾਂਗਰਸ ਤੋਂ ਪਿੱਛਾ ਛੁਡਵਾਇਆ ਸੀ, ਕਿਉਂਕਿ ਆਮ ਆਦਮੀ ਪਾਰਟੀ ਨੇ ਇੱਥੋਂ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਅਤੇ ਉਨ੍ਹਾਂ ਨੂੰ ਸਬਜ਼ਬਾਗ ਦਿਖਾਏ। ਪੰਜਾਬ ਦੇ ਭੋਲੇ-ਭਾਲੇ ਲੋਕ ਇਨ੍ਹਾਂ ਦੀਆਂ ਗੱਲਾਂ ਵਿੱਚ ਆ ਗਏ, ਜਿਸ ਦਾ ਨੁਕਸਾਨ ਪੰਜਾਬ ਅੱਜ ਤੱਕ ਭੁਗਤ ਰਿਹਾ ਹੈ। ਇਸ ਦੇ ਉਲਟ, ਭਾਰਤੀ ਜਨਤਾ ਪਾਰਟੀ ਸਿਰਫ਼ ਵਾਅਦੇ ਕਰਨ ਵਿੱਚ ਨਹੀਂ, ਸਗੋਂ ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਗਰੀਬ, ਕਿਸਾਨ, ਨੌਜਵਾਨ, ਮਹਿਲਾ ਅਤੇ ਵਾਂਝੇ ਵਰਗ ਦੀ ਭਲਾਈ ਲਈ ਕਈ ਇਤਿਹਾਸਕ ਯੋਜਨਾਵਾਂ ਲਾਗੂ ਕੀਤੀਆਂ ਹਨ, ਜਿਨ੍ਹਾਂ ਦਾ ਲਾਭ ਕਰੋੜਾਂ ਲੋਕਾਂ ਤੱਕ ਪਹੁੰਚਿਆ ਹੈ। ਮੋਦੀ ਜੀ ਚਾਹੁੰਦੇ ਹਨ ਕਿ ਭਾਰਤ ਵਿਕਸਿਤ ਬਣੇ। ਜੇਕਰ ਪੰਜਾਬ ਦੀ ਜਨਤਾ ਮਨ ਬਣਾ ਲਵੇ ਅਤੇ ਭਾਜਪਾ ਦਾ ਸਾਥ ਦੇਵੇ ਤਾਂ ਪੰਜਾਬ ਵੀ ਵਿਕਸਿਤ ਰਾਜ ਬਣ ਸਕਦਾ ਹੈ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਪਾਰਦਰਸ਼ੀ ਸ਼ਾਸਨ ਅਤੇ ਮੈਰਿਟ ਆਧਾਰਿਤ ਪ੍ਰਣਾਲੀ ਰਾਹੀਂ ਨੌਜਵਾਨਾਂ ਨੂੰ ਬਿਨਾਂ ਪਰਚੀ ਅਤੇ ਬਿਨਾਂ ਖਰਚੀ ਦੇ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਪਿਛਲੇ ਸਾਢੇ 11 ਸਾਲਾਂ ਵਿੱਚ ਹਰਿਆਣਾ ਵਿੱਚ ਲਗਭਗ ਲੱਖਾਂ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਮਿਲੀਆਂ ਹਨ, ਜਿਸ ਨਾਲ ਪ੍ਰਣਾਲੀ ਵਿੱਚ ਜਨਤਾ ਦਾ ਵਿਸ਼ਵਾਸ ਵਧਿਆ ਹੈ। ਉਨ੍ਹਾਂ ਨੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਅਤੇ ਗਰੀਬ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਵਾਲੀਆਂ ਭਲਾਈ ਪਹਿਲਕਦਮੀਆਂ ਦਾ ਵੀ ਵਰਨਣ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਸਿਰਫ਼ ਐਲਾਨ ਨਾ ਕਰੇ, ਸਗੋ ਉਨ੍ਹਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੀ ਸਮਰੱਥਾ ਵੀ ਰੱਖਦੀ ਹੋਵੇ। ਸੂਬੇ ਦੇ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਅਤੇ ਆਮ ਨਾਗਰਿਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਮਜ਼ਬੂਤ ਲੀਡਰਸ਼ਿਪ ਅਤੇ ਜਵਾਬਦੇਹ ਸ਼ਾਸਨ ਦੀ ਲੋੜ ਹੈ। ਪੰਜਾਬ ਵਿੱਚ ਸਿਰਫ਼ ਭਾਜਪਾ ਹੀ ਸੁਸ਼ਾਸਨ ਲਿਆ ਸਕਦੀ ਹੈ ਅਤੇ ਪੰਜਾਬ ਨੂੰ ਵਿਕਾਸ, ਨਿਵੇਸ਼, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਨਵੀਆਂ ਉਚਾਈਆਂ ‘ਤੇ ਪਹੁੰਚਾ ਸਕਦੀ ਹੈ। ਹਰਿਆਣਾ ਵਿੱਚ ਭਾਜਪਾ ਨੇ ਚੋਣ ਐਲਾਨ ਪੱਤਰ ਵਿੱਚ 217 ਸੰਕਲਪ ਲਏ ਸਨ, ਜਿਨ੍ਹਾਂ ਵਿੱਚੋਂ 63 ਸੰਕਲਪ ਪਹਿਲੇ ਸਾਲ ਵਿੱਚ ਹੀ ਪੂਰੇ ਕਰ ਲਏ ਗਏ ਅਤੇ 153 ਸੰਕਲਪਾਂ ‘ਤੇ ਤੇਜ਼ ਗਤੀ ਨਾਲ ਕੰਮ ਚੱਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਧੂਰੀ ਵਰਗੇ ਅਗਾਂਹਵਧੂ ਸ਼ਹਿਰ ਆਰਥਿਕ ਗਤੀਵਿਧੀਆਂ ਦੇ ਕੇਂਦਰ ਬਿੰਦੂ ਰਹੇ ਹਨ, ਪਰ ਮੌਜੂਦਾ ਸਰਕਾਰ ਦੀਆਂ ਉਦਾਸੀਨ ਨੀਤੀਆਂ ਨੇ ਇਨ੍ਹਾਂ ਸ਼ਹਿਰਾਂ ਨੂੰ ਵਿਕਾਸ ਦੀ ਦੌੜ ਵਿੱਚ ਪਿੱਛੇ ਧੱਕ ਦਿੱਤਾ ਹੈ। ਪੰਜਾਬ ਵਿੱਚ ਬਹੁਤੇ ਉਦਯੋਗ ਬੰਦ ਹੋਣ ਦੇ ਕੰਢੇ ਪਹੁੰਚ ਚੁੱਕੇ ਹਨ। ਇਸ ਦੇ ਉਲਟ, ਹਰਿਆਣਾ ਵਿੱਚ ਡਬਲ ਇੰਜਣ ਸਰਕਾਰ ਨੇ ਬੀਤੇ ਸਾਢੇ 11 ਸਾਲਾਂ ਵਿੱਚ ਜੋ ਕੰਮ ਕੀਤੇ ਹਨ, ਉਹ ਆਮ ਲੋਕਾਂ ਦੇ ਜੀਵਨ ਵਿੱਚ ਹਾਂਪੱਖੀ ਬਦਲਾਅ ਲਿਆਏ ਹਨ। ਸਰਕਾਰ ਨੇ ਪਾਰਦਰਸ਼ੀ ਸ਼ਾਸਨ ਪ੍ਰਣਾਲੀ ਲਾਗੂ ਕਰਕੇ ਬਿਨਾਂ ਕਿਸੇ ਭੇਦਭਾਵ ਦੇ ਯੋਜਨਾਵਾਂ ਦਾ ਲਾਭ ਹਰ ਵਿਅਕਤੀ ਤੱਕ ਪਹੁੰਚਾਇਆ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਅੱਜ ਹਰ ਖੇਤਰ ਵਿੱਚ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਤੁਲਨਾ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ 80 ਹਜ਼ਾਰ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਸਿਰਫ਼ 1500 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਮਿਲ ਰਹੀ ਹੈ, ਜਦੋਂ ਕਿ ਹਰਿਆਣਾ ਵਿੱਚ 3 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ ਬਜ਼ੁਰਗਾਂ ਨੂੰ 3200 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ ਪਿਛਲੇ ਸਾਢੇ 11 ਸਾਲਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ 1.60 ਲੱਖ ਮਕਾਨ ਦਿੱਤੇ ਗਏ ਹਨ ਅਤੇ ਸਾਢੇ 10 ਹਜ਼ਾਰ ਨਵੇਂ ਮਕਾਨ ਬਣ ਕੇ ਤਿਆਰ ਹਨ, ਜੋ ਜਲਦੀ ਹੀ ਲਾਭਕਾਰਾਂ ਨੂੰ ਸੌਂਪ ਦਿੱਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਭੈਣਾਂ-ਧੀਆਂ ਨੂੰ ‘ਦੀਨਦਿਆਲ ਲਾਡੋ ਲੱਛਮੀ ਯੋਜਨਾ’ ਤਹਿਤ ਹਰ ਮਹੀਨੇ 2100 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਗਰੀਬ ਮਹਿਲਾਵਾਂ ਨੂੰ ਰਸੋਈ ਚਲਾਉਣ ਲਈ ਹਰ ਮਹੀਨੇ ਸਿਰਫ਼ 500 ਰੁਪਏ ਵਿੱਚ ਸਿਲੰਡਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 3 ਕਰੋੜ ਦੀ ਆਬਾਦੀ ਵਾਲੇ ਹਰਿਆਣਾ ਵਿੱਚ 1.5 ਕਰੋੜ ਲੋਕਾਂ ਨੂੰ ਆਯੁਸ਼ਮਾਨ ਭਾਰਤ ਅਤੇ ਚਿਰਾਯੂ ਯੋਜਨਾ ਤਹਿਤ ਹਰ ਸਾਲ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਲਾਭ ਮਿਲ ਰਿਹਾ ਹੈ, ਜਦੋਂ ਕਿ ਪੰਜਾਬ ਦੇ ਮੁਹੱਲਾ ਕਲੀਨਿਕਾਂ ਵਿੱਚ ਲੋਕਾਂ ਨੂੰ ਨਾ ਤਾਂ ਦਵਾਈਆਂ ਮਿਲਦੀਆਂ ਹਨ ਅਤੇ ਨਾ ਹੀ ਡਾਕਟਰ।

ਉਨ੍ਹਾਂ ਜਨਤਾ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੀ ਚੋਣ ਸਿਰਫ਼ ਸਰਕਾਰ ਚੁਣਨ ਦੀ ਨਹੀਂ, ਸਗੋ ਪੰਜਾਬ ਦੇ ਭਵਿੱਖ, ਨੌਜਵਾਨਾਂ ਦੇ ਰੁਜ਼ਗਾਰ, ਕਿਸਾਨਾਂ ਦੀ ਖ਼ੁਸ਼ਹਾਲੀ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਦੀ ਚੋਣ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀ ਹਰ ਇੱਕ ਵੋਟ ਪੰਜਾਬ ਵਿੱਚ ਇੱਕ ਮਜ਼ਬੂਤ ਅਤੇ ਵਿਕਾਸ-ਮੁਖੀ ਡਬਲ ਇੰਜਣ ਸਰਕਾਰ ਦੇ ਗਠਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਮੌਜੂਦ ਜਨਤਾ ਨੂੰ ਪੰਜਾਬ ਵਿੱਚ ਸੁਸ਼ਾਸਨ, ਵਿਕਾਸ ਅਤੇ ਲੋਕ ਭਲਾਈ ਨੂੰ ਕੇਂਦਰ ਵਿੱਚ ਰੱਖ ਕੇ ਨਵੀਂ ਸਿਆਸੀ ਦਿਸ਼ਾ ਦੇਣ ਦਾ ਸੰਕਲਪ ਵੀ ਦਿਵਾਇਆ।

ਇਸ ਮੌਕੇ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ, ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਰਣਦੀਪ ਸਿੰਘ ਦਿਓਲ, ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਡਾ. ਓਮਕਾਰ ਸਿੰਘ, ਸਰਦਾਰ ਸਤਵੰਤ ਸਿੰਘ ਪੂਨੀਆ, ਸੁਖਵਿੰਦਰ ਗ੍ਰੇਵਾਲ ਅਤੇ ਨ੍ਰਿਪੇਂਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਵੀ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।