ਪੰਜਾਬ ਵਿਧਾਨ ਸਭਾ ਚੋਣਾਂ ਬਾਰੇ Congress ਦਾ ਵੱਡਾ ਐਲਾਨ, ਖਿੱਚ ਲਈ ਪੂਰੀ ਤਿਆਰੀ!
ਚੰਡੀਗੜ੍ਹ, 10 ਜੂਨ 2026:
ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਨੇ ਪੰਜਾਬ (Congress) ਵਿੱਚ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਤੇਜ਼ ਕਰਦਿਆਂ ਇੱਕ ਵੱਡਾ ਫੈਸਲਾ ਲਿਆ ਹੈ। ਪਾਰਟੀ ਵੱਲੋਂ ਤਿਆਰ ਕੀਤੇ ਗਏ ਇਸ ਮੈਗਾ ਪਲਾਨ ਤਹਿਤ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਪੜਾਅਵਾਰ ‘ਬੱਸ ਯਾਤਰਾ’ ਕੱਢੀ ਜਾਵੇਗੀ।
ਇਸ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਅਤੇ ਬੱਸ ਯਾਤਰਾ ਨੂੰ ਹਰੀ ਝੰਡੀ ਦਿਖਾਉਣ ਲਈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਖ਼ੁਦ ਪੰਜਾਬ ਆਉਣਗੇ। ਇਸ ਯਾਤਰਾ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਸੂਬੇ ਦੇ ਸਾਰੇ ਵੱਡੇ ਕਾਂਗਰਸੀ ਆਗੂ ਇਸ ਇੱਕੋ ਬੱਸ ਵਿੱਚ ਸਵਾਰ ਨਜ਼ਰ ਆਉਣਗੇ।
ਦਰਅਸਲ, ਕਾਂਗਰਸ ਹਾਈਕਮਾਨ ਸੂਬੇ ਦੇ ਸੀਨੀਅਰ ਆਗੂਆਂ ਦੇ ਆਪਸੀ ਮਨਭੇਦਾਂ ਅਤੇ ਮਤਭੇਦਾਂ ਨੂੰ ਲੈ ਕੇ ਕਾਫ਼ੀ ਚਿੰਤਤ ਹੈ। ਇਸੇ ਕਾਰਨ ਰਾਹੁਲ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੋਵੇਂ ਹੀ ਪੰਜਾਬ ਦੇ ਆਗੂਆਂ ਨੂੰ ਸਾਫ਼ ਸ਼ਬਦਾਂ ਵਿੱਚ ਇਕਜੁੱਟ ਰਹਿਣ ਦੀ ਚੇਤਾਵਨੀ ਦੇ ਚੁੱਕੇ ਹਨ।
ਪਾਰਟੀ ਆਗੂਆਂ ਨੂੰ ਸਪੱਸ਼ਟ ਤੌਰ ‘ਤੇ ਦੱਸ ਦਿੱਤਾ ਗਿਆ ਹੈ ਕਿ ਜੇਕਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਨੂੰ ਫ਼ਤਿਹ ਕਰਨਾ ਹੈ, ਤਾਂ ਹਰ ਹਾਲ ਵਿੱਚ ਆਪਸੀ ਗੁੱਟਬਾਜ਼ੀ ਭੁਲਾ ਕੇ ਇਕਜੁੱਟ ਹੋ ਕੇ ਲੜਨਾ ਪਵੇਗਾ। ਇਸ ਬੱਸ ਯਾਤਰਾ ਦਾ ਮੁੱਖ ਉਦੇਸ਼ ਵੀ ਜਨਤਾ ਵਿੱਚ ਪਾਰਟੀ ਦੀ ਮਜ਼ਬੂਤੀ ਦਿਖਾਉਣ ਦੇ ਨਾਲ-ਨਾਲ ਆਗੂਆਂ ਨੂੰ ਇੱਕ ਮੰਚ ‘ਤੇ ਇਕੱਠੇ ਕਰਨਾ ਹੈ।



