Punjab News: ਕੰਪਿਊਟਰ ਸੈਂਟਰ ਗਈਆਂ ਦੋ ਨਾਬਾਲਗ ਭੈਣਾਂ ਲਾਪਤਾ- ਪੁਲਿਸ ਖੰਗਾਲ ਰਹੀ ਹੈ CCTV ਫੁਟੇਜ
ਅੰਮ੍ਰਿਤਸਰ, 10 ਜੂਨ 2026:
Punjab News: ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਰੋਡ ਸਥਿਤ ਬਾਬਾ ਦੀਪ ਸਿੰਘ ਕਲੋਨੀ ਦੀਆਂ ਰਹਿਣ ਵਾਲੀਆਂ ਦੋ ਨਾਬਾਲਗ ਭੈਣਾਂ ਅਚਾਨਕ ਲਾਪਤਾ ਹੋ ਗਈਆਂ ਹਨ। ਇਨ੍ਹਾਂ ਲੜਕੀਆਂ ਦੇ ਪਿਤਾ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਦੋਵੇਂ ਕੋਚਿੰਗ ਲਈ ਕੰਪਿਊਟਰ ਸੈਂਟਰ ਜਾਂਦੀਆਂ ਸਨ। ਉੱਥੇ ਉਨ੍ਹਾਂ ਦਾ ਫਾਈਨਲ ਪੇਪਰ ਸੀ ਅਤੇ ਉਹ ਦੁਪਹਿਰ 3 ਵਜੇ ਦੇ ਕਰੀਬ ਘਰੋਂ ਨਿਕਲੀਆਂ ਸਨ।
ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਬੇਟੀ ਰੋਜ਼ੀ ਨੂੰ ਕੋਚਿੰਗ ਸੈਂਟਰ ਛੱਡਣ ਲਈ ਛੋਟੀ ਬੇਟੀ ਨਾਲ ਗਈ ਸੀ, ਪਰ ਕੁਝ ਦੇਰ ਬਾਅਦ ਕੋਚਿੰਗ ਸੈਂਟਰ ਤੋਂ ਫ਼ੋਨ ‘ਤੇ ਸੂਚਨਾ ਮਿਲੀ ਕਿ ਉਨ੍ਹਾਂ ਦੀ ਲੜਕੀ ਪੇਪਰ ਦੇਣ ਲਈ ਉੱਥੇ ਨਹੀਂ ਪਹੁੰਚੀ। ਇਸ ਤੋਂ ਬਾਅਦ ਉਨ੍ਹਾਂ ਨੇ ਦੋਵਾਂ ਲੜਕੀਆਂ ਦੀ ਭਾਲ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ।
ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਕਿਰਨਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਪਰਿਵਾਰ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਲੁਧਿਆਣਾ ਵਿੱਚ ਵੀ ਕਈ ਲੜਕੀਆਂ ਦੇ ਗਾਇਬ ਹੋਣ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਹੈ, ਜਿਸ ਦੇ ਚਲਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਸੀ।



