11 ਸਾਲਾਂ ਦੀ ਕਾਨੂੰਨੀ ਲੜਾਈ ਮਗਰੋਂ ‘ਡਕੌਂਦਾ’ ਦੇ 22 ਕਿਸਾਨ ਅਦਾਲਤ ਵੱਲੋਂ ਬਰੀ

Top Trending News ਪੰਜਾਬ

 

11 ਸਾਲਾਂ ਦੀ ਕਾਨੂੰਨੀ ਲੜਾਈ ਮਗਰੋਂ ‘ਡਕੌਂਦਾ’ ਦੇ 22 ਕਿਸਾਨ ਅਦਾਲਤ ਵੱਲੋਂ ਬਰੀ

ਸਮਾਣਾ/ਪਾਤੜਾਂ, 5 ਜੁਲਾਈ 2026

ਸਾਲ 2015 ਵਿੱਚ ਪਿੰਡ ਹਰਿਆਊ ਦੇ ਆਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਹਿੱਕ ਡਾਹ ਕੇ ਸੰਘਰਸ਼ ਲੜਨ ਵਾਲੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ 22 ਕਿਸਾਨਾਂ ਨੂੰ ਸਮਾਣਾ ਦੀ ਮਾਨਯੋਗ ਅਦਾਲਤ ਨੇ ਇੱਕ ਵੱਡਾ ਫ਼ੈਸਲਾ ਸੁਣਾਉਂਦਿਆਂ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਪਾਤੜਾਂ ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਮੁਕੱਦਮੇ ਵਿੱਚ ਕਿਸਾਨਾਂ ਨੇ ਪੂਰੇ 11 ਸਾਲ ਤੱਕ ਲੰਮੀ ਅਤੇ ਔਖੀ ਕਾਨੂੰਨੀ ਲੜਾਈ ਲੜੀ, ਜਿਸ ਦੇ ਅੱਜ ਸਕਾਰਾਤਮਕ ਨਿਬੇੜੇ ’ਤੇ ਕਿਸਾਨ ਆਗੂਆਂ ਅਤੇ ਪੀੜਤ ਪਰਿਵਾਰਾਂ ਨੇ ਡੂੰਘੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਇਸ ਇਤਿਹਾਸਕ ਫ਼ੈਸਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸੀਨੀਅਰ ਕਿਸਾਨ ਆਗੂ ਹਰਭਜਨ ਸਿੰਘ ਬੁੱਟਰ ਅਤੇ ਸਾਹਿਬ ਸਿੰਘ ਦੁਤਾਲ ਨੇ ਦੱਸਿਆ ਕਿ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਪਿਕਾਡਲੀ ਖੰਡ ਮਿਲ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਕਥਿਤ ਦੋਸ਼ ਹੇਠ ਪੁਲਿਸ ਨੇ ਕਿਸਾਨਾਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਅਤੇ ਕਰੀਬ ਡੇਢ ਮਹੀਨਾ ਜੇਲ੍ਹ ਦੀਆਂ ਸੀਖਾਂ ਪਿੱਛੇ ਬਿਤਾਉਣ ਮਗਰੋਂ ਹੀ ਉਨ੍ਹਾਂ ਨੂੰ ਜ਼ਮਾਨਤ ਮਿਲ ਸਕੀ ਸੀ।

ਬੀਤੇ ਦਿਨ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੁਲਿਸ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। ਕਿਸਾਨ ਆਗੂਆਂ ਨੇ ਅਫ਼ਸੋਸ ਪ੍ਰਗਟ ਕਰਦਿਆਂ ਇਹ ਵੀ ਦੱਸਿਆ ਕਿ ਇਸ 11 ਸਾਲਾਂ ਦੇ ਲੰਮੇ ਅਤੇ ਮਾਨਸਿਕ ਪਰੇਸ਼ਾਨੀ ਵਾਲੇ ਅਰਸੇ ਦੌਰਾਨ, ਕੇਸ ਦਾ ਸਾਹਮਣਾ ਕਰ ਰਹੇ ਤਿੰਨ ਬਜ਼ੁਰਗ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ, ਜੋ ਅੱਜ ਇਸ ਇਨਸਾਫ਼ ਨੂੰ ਦੇਖਣ ਲਈ ਸਾਡੇ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਹੱਕ ਅਤੇ ਸੱਚ ਦੀ ਲੜਾਈ ਦੇਰ-ਸਵੇਰ ਜ਼ਰੂਰ ਜਿੱਤੀ ਜਾਂਦੀ ਹੈ ਅਤੇ ਜਥੇਬੰਦਕ ਸੰਘਰਸ਼ ਅੱਗੇ ਹਮੇਸ਼ਾ ਝੂਠੇ ਪਰਚੇ ਹਾਰਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।