- ਨਗਰ ਕੌਂਸਲ ਚੋਣਾਂ ਵਿੱਚ ਸਰਕਾਰੀ ਧੱਕੇਸ਼ਾਹੀ ਅਤੇ ਲੋਕਤੰਤਰ ਦੇ ਕਤਲ ਦੇ ਲੱਗੇ ਆਰੋਪ; ਮਾਮਲਾ ਹਾਈਕੋਰਟ ਲਿਜਾਣ ਦੀ ਤਿਆਰੀ
ਮੋਰਿੰਡਾ 11 ਜੁਲਾਈ (ਭਟੋਆ): ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸ ਸਬੰਧੀ ਸਥਾਨਕ ਸਨਾਤਨ ਧਰਮ ਮੰਦਿਰ ਵਿੱਚ ਸ਼ਹਿਰ ਵਾਸੀਆਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਖਰੜ ਦੇ ਇੰਚਾਰਜ ਸ੍ਰੀ ਵਿਜੇ ਕੁਮਾਰ ਟਿੰਕੂ ਨੇ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਪੁਲਿਸ ਪ੍ਰਸ਼ਾਸਨ ‘ਤੇ ਮਿਲ ਕੇ ਕਾਂਗਰਸ ਦੇ ਬਹੁ-ਗਿਣਤੀ ਕੌਂਸਲਰਾਂ ਨਾਲ ਧੱਕੇਸ਼ਾਹੀ ਕਰਨ ਅਤੇ ਉਨ੍ਹਾਂ ਨੂੰ ਚੋਣ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦੇਣ ਦੇ ਗੰਭੀਰ ਦੋਸ਼ ਲਗਾਏ ਹਨ।
ਵਿਜੇ ਕੁਮਾਰ ਟਿੰਕੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਤੋਂ ਸ਼ਹਿਰ ਦੇ ਲੋਕ ਬੁਰੀ ਤਰ੍ਹਾਂ ਦੁਖੀ ਅਤੇ ਨਿਰਾਸ਼ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਤੇ ਸਰਕਾਰੀ ਧੱਕੇਸ਼ਾਹੀ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਕੁਝ ਸਥਾਨਕ ਦੁਕਾਨਦਾਰਾਂ ਨੇ ਆਪਣੇ ਪੱਧਰ ‘ਤੇ ਦੁਕਾਨਾਂ ਬੰਦ ਵੀ ਰੱਖੀਆਂ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਵਾਸੀਆਂ ਵੱਲੋਂ ਕਾਂਗਰਸ ਨੂੰ ਪੂਰਨ ਸਮਰਥਨ ਹਾਸਲ ਹੈ, ਪਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਖੁਦ ਕੋਈ ਵੀ ਦੁਕਾਨ ਬੰਦ ਕਰਵਾਉਣ ਜਾਂ ਟ੍ਰੈਫਿਕ ਜਾਮ ਕਰਨ ਤੋਂ ਮਨਾ ਕੀਤਾ ਗਿਆ ਸੀ।
ਸ੍ਰੀ ਟਿੰਕੂ ਨੇ ਚੋਣ ਪ੍ਰਕਿਰਿਆ ‘ਤੇ ਸਵਾਲ ਚੁੱਕਦਿਆਂ ਦੱਸਿਆ ਕਿ ਨਿਯਮਾਂ ਮੁਤਾਬਕ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਮੇਂ ਸਭ ਤੋਂ ਪਹਿਲਾਂ ਜਿੱਤੇ ਹੋਏ ਸਾਰੇ ਕੌਂਸਲਰਾਂ ਨੂੰ ਕਨਵੀਨਰ-ਕਮ-ਐਸ.ਡੀ.ਐਮ. ਵੱਲੋਂ ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਾਈ ਜਾਂਦੀ ਹੈ, ਜਿਸ ਤੋਂ ਬਾਅਦ ਹੀ ਚੋਣ ਪ੍ਰਕਿਰਿਆ ਆਰੰਭ ਹੁੰਦੀ ਹੈ। ਪਰ ਮੋਰਿੰਡਾ ਨਗਰ ਕੌਂਸਲ ਦੀ ਚੋਣ ਦੌਰਾਨ ਬਹੁ-ਗਿਣਤੀ ਕੌਂਸਲਰਾਂ ਨੂੰ ਕੋਈ ਸਹੁੰ ਨਹੀਂ ਚੁਕਾਈ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਸਮੇਤ ਸਿਰਫ਼ ਸੱਤ ਮੈਂਬਰਾਂ ਦੀ ਮੌਜੂਦਗੀ ਵਿੱਚ ਹੀ ਸਿੱਧੇ ਤੌਰ ‘ਤੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਵਾ ਦਿੱਤੀ ਗਈ, ਜੋ ਕਿ ਸ਼ਰੇਆਮ ਕਾਨੂੰਨ ਦੀ ਉਲੰਘਣਾ ਅਤੇ ਲੋਕਤੰਤਰ ਦਾ ਕਤਲ ਹੈ।
ਸਾਬਕਾ ਪ੍ਰਧਾਨ ਸ੍ਰੀ ਟਿੰਕੂ ਨੇ ਐਲਾਨ ਕੀਤਾ ਕਿ ਇਸ ਧੱਕੇਸ਼ਾਹੀ ਦੇ ਖਿਲਾਫ਼ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਾਨੂੰਨੀ ਮਾਹਿਰਾਂ ਅਤੇ ਵਕੀਲਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਹੀ ਕਾਂਗਰਸੀ ਕੌਂਸਲਰਾਂ ਵੱਲੋਂ ਇਸ ਗੈਰ-ਕਾਨੂੰਨੀ ਚੋਣ ਪ੍ਰਕਿਰਿਆ ਨੂੰ ਮਾਨਯੋਗ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ ਤਾਂ ਜੋ ਲੋਕਤੰਤਰ ਦੀ ਰੱਖਿਆ ਕੀਤੀ ਜਾ ਸਕੇ।
ਇਸ ਮੌਕੇ ਤੇ ਬੋਲਦਿਆ ਕਾਂਗਰਸ ਦੇ ਕੌਂਸਲਰ ਮਨਦੀਪ ਸਿੰਘ ਬਾਜਵਾ ਅਤੇ ਰਜੇਸ਼ ਸਿਸੋਦੀਆ ਨੇ ਪੁਲਿਸ ਪ੍ਰਸ਼ਾਸਨ ਵੱਲੋ ਉਨਾਂ ਨਾਲ ਕੀਤੀ ਕੁੱਟਮਾਰ, ਕੱਪੜੇ ਫਾੜਨ ਅਤੇ ਚੋਣ ਹਾਲ ਵਿੱਚ ਜਾਣ ਦੀ ਆਗਿਆ ਨਾ ਦੇਕੇ ਜਬਰਦਸਤੀ ਵੱਖਰੇ ਕਮਰੇ ਵਿਚ ਬੰਦ ਕਰਨ ਸਬੰਧੀ ਸ਼ਹਿਰ ਵਾਸੀਆ ਨੂੰ ਜਾਣੂ ਕਰਵਾਇਆ ਅਤੇ ਇਸ ਨੂੰ ਗੁੰਡਾਗਰਦੀ ਕਰਾਰ ਦਿੱਤਾ।



