ਭਗਵੰਤ ਮਾਨ ਸਰਕਾਰ ਵੱਲੋਂ ਮਹਿਲਾ ਹੈਲਪ ਡੈਸਕਾਂ ਅਤੇ ਮਹਿਲਾ ਮਿੱਤਰ ਪਹਿਲਕਦਮੀ ਨੂੰ ਮਜ਼ਬੂਤ ਕਰਨ ਲਈ 93 ਇਲੈਕਟ੍ਰਿਕ ਸਕੂਟਰਾਂ ਨੂੰ ਮਨਜ਼ੂਰੀ

Top Trending News ਪੰਜਾਬ
  • ਪੰਜਾਬ ਪੁਲਿਸ ਦੇ ਮਹਿਲਾ ਹੈਲਪ ਡੈਸਕਾਂ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ 2.31 ਲੱਖ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ
  • ਪੰਜਾਬ ਪੁਲਿਸ ਦੇ ਮਹਿਲਾ ਹੈਲਪ ਡੈਸਕਾਂ ਨੇ ਪੁਲਿਸ ਥਾਣਿਆਂ ਨੂੰ ਮਹਿਲਾਵਾਂ ਲਈ ਹੋਰ ਸੁਰੱਖਿਅਤ ਅਤੇ ਪਹੁੰਚਯੋਗ ਸਥਾਨਾਂ ਵਿੱਚ ਬਦਲਿਆ: ਡੀਜੀਪੀ ਗੌਰਵ ਯਾਦਵ
  • ਜੈਂਡਰ ਸੈਂਸੀਟਿਵ ਪੁਲਿਸਿੰਗ ਯਕੀਨੀ ਬਣਾਉਣ ਲਈ 424 ਪੁਲਿਸ ਥਾਣਿਆਂ ਵਿੱਚ 848 ਪੰਜਾਬ ਪੁਲਿਸ ਮਹਿਲਾ ਮਿੱਤਰ ਤਾਇਨਾਤ: ਡੀਜੀਪੀ ਗੌਰਵ ਯਾਦਵ
  • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਵਿੱਚ ਮਹਿਲਾ ਹੈਲਪ ਡੈਸਕਾਂ ਅਤੇ ਮਹਿਲਾ ਮਿੱਤਰ ਪਹਿਲਕਦਮੀ ਨੂੰ ਮਜ਼ਬੂਤ ਕਰਨ ਲਈ 93 ਇਲੈਕਟ੍ਰਿਕ ਸਕੂਟਰਾਂ ਨੂੰ ਮਨਜ਼ੂਰੀ ਦਿੱਤੀ

ਚੰਡੀਗੜ੍ਹ , 11 ਜੁਲਾਈ 2026 (ਦੇਸ਼ ਕਲਿੱਕ ਬਿਊਰੋ): ਮਹਿਲਾਵਾਂ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਸਥਾਪਤ ਕੀਤੇ ਗਏ ਮਹਿਲਾ ਹੈਲਪ ਡੈਸਕਾਂ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਇਨ੍ਹਾਂ ਹੈਲਪ ਡੈਸਕਾਂ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ ਕੁੱਲ 2,31,677 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਸੂਬਾ ਪੁਲਿਸ ਵੱਲੋਂ ਸਾਰੇ 424 ਪੁਲਿਸ ਥਾਣਿਆਂ ਵਿੱਚ ਮਹਿਲਾ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 39 ਵਿਸ਼ੇਸ਼ ਉਦੇਸ਼ਾਂ ਵਾਲੇ ਪੁਲਿਸ ਥਾਣੇ ਵੀ ਸ਼ਾਮਲ ਹਨ।

ਪੰਜਾਬ ਗ੍ਰੀਵੈਂਸ ਡਿਸਪੋਜ਼ਲ (ਪੀਜੀਡੀ) ਪੋਰਟਲ ਰਾਹੀਂ 1 ਜਨਵਰੀ 2023 ਤੋਂ 30 ਜੂਨ 2026 ਤੱਕ ਮਹਿਲਾਵਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ 1,33,152 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਨ੍ਹਾਂ ਵਿੱਚੋਂ ਕੁੱਲ 99,692 ਸ਼ਿਕਾਇਤਾਂ (74.8 ਫੀਸਦੀ) ਪੰਜਾਬ ਪੁਲਿਸ ਮਹਿਲਾ ਮਿੱਤਰਾਂ ਵੱਲੋਂ ਨਿਪਟਾਈਆਂ ਗਈਆਂ।

ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਭਰ ਵਿੱਚ ਮਹਿਲਾ ਮਿੱਤਰ ਪਹਿਲਕਦਮੀ ਅਤੇ ਮਹਿਲਾ ਹੈਲਪ ਡੈਸਕਾਂ ਤਹਿਤ ਕੰਮ ਕਰ ਰਹੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਲਈ 93 ਇਲੈਕਟ੍ਰਿਕ ਸਕੂਟਰਾਂ ਨੂੰ ਮਨਜ਼ੂਰੀ ਦਿੱਤੀ ਹੈ।

ਇਨ੍ਹਾਂ ਇਲੈਕਟ੍ਰਿਕ ਸਕੂਟਰਾਂ ਨੂੰ ਹਾਲ ਹੀ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਸੂਬੇ ਦੇ ਹਰ ਕੋਨੇ ਤੱਕ ਪਹੁੰਚਣ ਅਤੇ ਮਹਿਲਾਵਾਂ ਤੇ ਬੱਚਿਆਂ ਦੀਆਂ ਸ਼ਿਕਾਇਤਾਂ ਦਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੇ ਯੋਗ ਬਣਾਉਣਾ ਹੈ।

ਇਸ ਮੌਕੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਇਸ ਪਹਿਲਕਦਮੀ ਨੇ ਮਹਿਲਾਵਾਂ ਤੱਕ ਪੁਲਿਸ ਸੇਵਾਵਾਂ ਦੀ ਪਹੁੰਚ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ, ਜੈਂਡਰ ਸੈਂਸੀਟਿਵ ਪੁਲਿਸਿੰਗ ਨੂੰ ਯਕੀਨੀ ਬਣਾਇਆ ਹੈ, ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਸਬੰਧਤ ਮਾਮਲਿਆਂ ਵਿੱਚ ਸਮੇਂ ਸਿਰ ਦਖ਼ਲ ਨੂੰ ਸੰਭਵ ਬਣਾਇਆ ਹੈ। ਮਹਿਲਾ ਹੈਲਪ ਡੈਸਕਾਂ ਨੇ ਪੁਲਿਸ ਥਾਣਿਆਂ ਨੂੰ ਮਹਿਲਾਵਾਂ ਲਈ ਹੋਰ ਸੁਰੱਖਿਅਤ ਅਤੇ ਪਹੁੰਚਯੋਗ ਸਥਾਨਾਂ ਵਿੱਚ ਬਦਲ ਦਿੱਤਾ ਹੈ। 424 ਪੁਲਿਸ ਥਾਣਿਆਂ ਵਿੱਚ ਕੁੱਲ 848 ਪੰਜਾਬ ਪੁਲਿਸ ਮਹਿਲਾ ਮਿੱਤਰ ਤਾਇਨਾਤ ਕੀਤੀਆਂ ਗਈਆਂ ਹਨ, ਜੋ ਪੰਜਾਬ ਪੁਲਿਸ ਪ੍ਰਤੀ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਪੰਜਾਬ ਪੁਲਿਸ ਨੇ ਸੂਬੇ ਦੇ ਹਰੇਕ ਪੁਲਿਸ ਥਾਣੇ ਵਿੱਚ ਮਹਿਲਾ ਹੈਲਪ ਡੈਸਕ ਸਥਾਪਤ ਕਰਕੇ ਮਹਿਲਾਵਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਇੱਕ ਵਿਆਪਕ ਅਤੇ ਸਮੁਦਾਇ-ਕੇਂਦਰਿਤ ਪਹੁੰਚ ਅਪਣਾਈ ਹੈ।”

ਮਹਿਲਾ ਹੈਲਪ ਡੈਸਕ ਦੀ ਸ਼ੁਰੂਆਤ ਤੋਂ ਪਹਿਲਾਂ ਮਹਿਲਾਵਾਂ ਅਤੇ ਬੱਚਿਆਂ ਨਾਲ ਸਬੰਧਤ ਸ਼ਿਕਾਇਤਾਂ ਮੁੱਖ ਤੌਰ ’ਤੇ ਪੁਰਸ਼ ਪੁਲਿਸ ਮੁਲਾਜ਼ਮਾਂ ਵੱਲੋਂ ਸੰਭਾਲੀਆਂ/ਹੈਂਡਲ ਕੀਤੀਆਂ ਜਾਂਦੀਆਂ ਸਨ। ਸ਼ਿਕਾਇਤਾਂ ਦਰਜ ਕਰਵਾਉਣ ਲਈ ਹੋਰ ਸੁਖਾਵਾਂ, ਸੰਵੇਦਨਸ਼ੀਲ ਅਤੇ ਪੀੜਤ-ਕੇਂਦਰਿਤ ਮਾਹੌਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਪੁਲਿਸ ਨੇ ਸਾਲ 2021 ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ (ਪੀਪੀਐਮਐਮ) ਪ੍ਰੋਜੈਕਟ ਸ਼ੁਰੂ ਕੀਤਾ।

ਇਸ ਪਹਿਲਕਦਮੀ ਤਹਿਤ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਹੱਲ ਲਈ ਕੁੱਲ 848 ਪੰਜਾਬ ਪੁਲਿਸ ਮਹਿਲਾ ਮਿੱਤਰ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ, ਪੰਜਾਬ ਪੁਲਿਸ ਇਸ ਸਮੇਂ ਸੂਬੇ ਵਿੱਚ 10 ਮਹਿਲਾ ਪੁਲਿਸ ਥਾਣਿਆਂ ਅਤੇ 15 ਮਹਿਲਾ ਸਹਾਇਤਾ ਕੇਂਦਰ ਚਲਾ ਰਹੀ ਹੈ, ਜੋ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ਨਾਲ ਨਜਿੱਠਣ ਲਈ ਵਿਸ਼ੇਸ਼ ਸਹਾਇਤਾ ਪ੍ਰਦਾਨ ਕਰਦੇ ਹਨ। ਇਹ ਕੇਂਦਰ ਮਹਿਲਾਵਾਂ ਨੂੰ ਸੁਰੱਖਿਅਤ ਅਤੇ ਗੁਪਤਤਾ-ਅਧਾਰਤ ਮਾਹੌਲ ਮੁਹੱਈਆ ਕਰਵਾਉਂਦੇ ਹਨ, ਜਿੱਥੇ ਉਹ ਬਿਨਾਂ ਕਿਸੇ ਝਿਜਕ ਦੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ ਅਤੇ ਮਦਦ ਪ੍ਰਾਪਤ ਕਰ ਸਕਦੀਆਂ ਹਨ। ਸਿਖਲਾਈ ਪ੍ਰਾਪਤ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਚਲਾਏ ਜਾ ਰਹੇ ਇਹ ਕੇਂਦਰ ਸ਼ਿਕਾਇਤਾਂ ਦੀ ਸੰਵੇਦਨਸ਼ੀਲ ਸੁਣਵਾਈ, ਕਾਊਂਸਲਿੰਗ, ਕਾਨੂੰਨੀ ਸੇਧ ਅਤੇ ਲੋੜੀਂਦੀਆਂ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੇ ਹਨ।

ਡੀਜੀਪੀ ਗੌਰਵ ਯਾਦਵ ਨੇ ਅੱਗੇ ਕਿਹਾ, “ਸਮਰਪਿਤ ਮਹਿਲਾ ਅਧਿਕਾਰੀਆਂ ਦੀ ਮੌਜੂਦਗੀ ਨਾਲ ਪੀੜਤ ਮਹਿਲਾਵਾਂ ਦਾ ਪੁਲਿਸ ਤੱਕ ਪਹੁੰਚ ਕਰਨ ਦਾ ਵਿਸ਼ਵਾਸ ਵਧਿਆ ਹੈ, ਜਿਸ ਨਾਲ ਲਿੰਗ ਆਧਾਰਿਤ ਅਪਰਾਧਾਂ ਦੀ ਵਧੇਰੇ ਰਿਪੋਰਟਿੰਗ ਅਤੇ ਪੀੜਤਾਂ ਨੂੰ ਬਿਹਤਰ ਸਹਾਇਤਾ ਮਿਲ ਰਹੀ ਹੈ।”

ਪੰਜਾਬ ਪੁਲਿਸ ਨੇ ਨਾ ਸਿਰਫ਼ ਹਰ ਪੁਲਿਸ ਥਾਣੇ ਵਿੱਚ ਮਹਿਲਾ ਹੈਲਪ ਡੈਸਕ ਸਥਾਪਤ ਕੀਤੇ ਹਨ, ਸਗੋਂ ਇਨ੍ਹਾਂ ਦੀ ਉਪਯੋਗਤਾ ਅਤੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਗੈਰ-ਸਰਕਾਰੀ ਸੰਸਥਾਵਾਂ ਜੇ-ਪਾਲ ਅਤੇ ਹਰਟੈਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਮੁਲਾਂਕਣ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੈ।

ਸਮੁਦਾਇ ਅਤੇ ਮਹਿਲਾ ਮਾਮਲਿਆਂ ਦੇ ਐਸਡੀਜੀ ਗੁਰਪ੍ਰੀਤ ਦਿਓ ਨੇ ਕਿਹਾ, “ਇਨ੍ਹਾਂ ਹੈਲਪ ਡੈਸਕਾਂ ਨੇ ਪੁਲਿਸ ਅਤੇ ਆਮ ਨਾਗਰਿਕਾਂ ਵਿਚਕਾਰ ਦੀ ਦੂਰੀ ਘਟਾਉਣ ਵਿੱਚ ਮਦਦ ਕੀਤੀ ਹੈ ਅਤੇ ਪੀੜਤਾਂ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਨੂੰ ਪੁਲਿਸ ਦੀ ਸਹਾਇਤਾ ਸਿਖਲਾਈ ਪ੍ਰਾਪਤ ਅਤੇ ਸੰਵੇਦਨਸ਼ੀਲ ਮਹਿਲਾ ਪੁਲਿਸ ਅਧਿਕਾਰੀਆਂ ਤੋਂ ਮਿਲੇਗੀ।”

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।