Punjab News: ਲਾਲੜੂ ਵਿਖੇ ਭਿਆਨਕ ਸੜਕ ਹਾਦਸਾ! ਜਿਮ ਮਾਲਕ ਸਮੇਤ 2 ਲੋਕਾਂ ਦੀ ਮੌਤ
ਲਾਲੜੂ, 11 ਜੁਲਾਈ 2026
ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ ‘ਤੇ ਲਾਲੜੂ ਨੇੜੇ ਆਈ.ਟੀ.ਆਈ. ਚੌਕ ਕੋਲ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਲੁਧਿਆਣਾ ਦੇ ਇੱਕ ਨੌਜਵਾਨ ਜਿਮ ਮਾਲਕ ਅਤੇ ਉਸ ਦੇ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੱਡੀ ਵਿੱਚ ਸਵਾਰ ਦੋ ਹੋਰ ਵਿਅਕਤੀ ਵਾਲ-ਵਾਲ ਬਚ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ, ਲੁਧਿਆਣਾ ਤੋਂ ਇੱਕ ਫਾਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਚਾਰ ਵਿਅਕਤੀ ਦਿੱਲੀ ਵੱਲ ਜਾ ਰਹੇ ਸਨ। ਜਦੋਂ ਉਹ ਲਾਲੜੂ ਦੇ ਆਈ.ਟੀ.ਆਈ. ਚੌਕ ਨੇੜੇ ਪਹੁੰਚੇ ਤਾਂ ਅਚਾਨਕ ਸੜਕ ‘ਤੇ ਇੱਕ ਪਸ਼ੂ ਆ ਗਿਆ। ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡਰਾਈਵਰ ਦਾ ਗੱਡੀ ‘ਤੇ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਕਈ ਵਾਰ ਪਲਟੀਆਂ ਖਾਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ 23 ਸਾਲਾ ਮਨਜੋਤ ਸਿੰਘ, ਜੋ ਲੁਧਿਆਣਾ ਵਿੱਚ ਜਿਮ ਚਲਾਉਂਦਾ ਸੀ, ਅਤੇ ਕਾਰ ਚਾਲਕ ਰਵੀ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਮਨਜੋਤ ਸਿੰਘ ਦੇ ਪਿਤਾ ਅਮਰਪਾਲ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮਨਜੋਤ ਆਪਣੇ ਦੋਸਤ ਆਕਾਸ਼ ਵਰਮਾ, ਸੁਰੱਖਿਆ ਗਾਰਡ ਰਾਜੀਵ ਕੁਮਾਰ ਪਾਂਡੇ ਅਤੇ ਡਰਾਈਵਰ ਰਵੀ ਕੁਮਾਰ ਨਾਲ ਦਿੱਲੀ ਲਈ ਨਿਕਲੇ ਸਨ। ਇਸ ਹਾਦਸੇ ਵਿੱਚ ਆਕਾਸ਼ ਵਰਮਾ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਰਾਜੀਵ ਕੁਮਾਰ ਪਾਂਡੇ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਲਾਲੜੂ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਮਨਜੋਤ ਦੇ ਪਿਤਾ ਨੇ ਦੱਸਿਆ ਕਿ ਪਰਿਵਾਰ ਇਸ ਦੁੱਖ ਦੀ ਘੜੀ ਵਿੱਚ ਕਿਸੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ। ਪੁਲੀਸ ਨੇ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। ਇਸ ਹਾਦਸੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।



