Punjab News: ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ‘ਚ ਗਈ ਵਿਅਕਤੀ ਦੀ ਜਾਨ

Top Trending News ਪੰਜਾਬ

 

Punjab News: ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ‘ਚ ਗਈ ਵਿਅਕਤੀ ਦੀ ਜਾਨ

ਭਵਾਨੀਗੜ੍ਹ, 11 ਜੁਲਾਈ 2026

ਭਵਾਨੀਗੜ੍ਹ ਦੇ ਕਾਕੜਾ ਰੋਡ ‘ਤੇ ਬੀਤੇ ਦਿਨੀਂ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (ਵਾਸੀ ਕਾਕੜਾ ਰੋਡ, ਭਵਾਨੀਗੜ੍ਹ) ਵਜੋਂ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁਲਦੀਪ ਸਿੰਘ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਥਾਣੇ ਵਾਲੇ ਪਾਸਿਓਂ ਕਾਕੜਾ ਰੋਡ ਸਥਿਤ ਆਪਣੇ ਘਰ ਪਰਤ ਰਹੇ ਸਨ।

ਮਿਲੀ ਜਾਣਕਾਰੀ ਅਨੁਸਾਰ, ਰਸਤੇ ਵਿੱਚ ਅਚਾਨਕ ਇੱਕ ਪਸ਼ੂ ਮੋਟਰਸਾਈਕਲ ਦੇ ਸਾਹਮਣੇ ਆ ਗਿਆ। ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਇੱਕ ਘਰ ਦੀ ਕੰਧ ਨਾਲ ਜਾ ਟਕਰਾਇਆ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕੁਲਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਰਾਹਗੀਰਾਂ ਵੱਲੋਂ ਜ਼ਖ਼ਮੀ ਕੁਲਦੀਪ ਸਿੰਘ ਨੂੰ ਤੁਰੰਤ ਇਲਾਜ ਲਈ ਸਰਕਾਰੀ ਸਿਵਲ ਹਸਪਤਾਲ, ਭਵਾਨੀਗੜ੍ਹ ਵਿਖੇ ਲਿਜਾਇਆ ਗਿਆ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਜਾਂਚ ਉਪਰੰਤ ਮ੍ਰਿਤਕ ਕਰਾਰ ਦੇ ਦਿੱਤਾ।

ਇਸ ਦਰਦਨਾਕ ਹਾਦਸੇ ਸਬੰਧੀ ਮ੍ਰਿਤਕ ਦੇ ਭਤੀਜੇ ਅਵਤਾਰ ਸਿੰਘ ਨੇ ਥਾਣਾ ਭਵਾਨੀਗੜ੍ਹ ਵਿਖੇ ਆਪਣੇ ਬਿਆਨ ਦਰਜ ਕਰਵਾਏ ਹਨ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਪੁੱਤਰ ਅਮਨਦੀਪ ਸਿੰਘ ਵਿਦੇਸ਼ (ਅਮਰੀਕਾ) ਵਿੱਚ ਰਹਿੰਦਾ ਹੈ। ਪੁੱਤਰ ਦੇ ਭਾਰਤ ਪਹੁੰਚਣ ਤੋਂ ਬਾਅਦ, 12 ਜੁਲਾਈ ਨੂੰ ਕੁਲਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਕਾਕੜਾ ਰੋਡ ‘ਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ‘ਤੇ ਘੁੰਮਦੇ ਆਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।