- ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਦੀ ਕੈਬਨਿਟ ਮੰਤਰੀ ਹਰਜੋਤ ਬੈਂਸ ਨਾਲ ਹੋਈ ਮੀਟਿੰਗ
ਚੰਡੀਗੜ੍ਹ, 14 ਜੁਲਾਈ (ਜਸਵੀਰ ਗੋਸਲ – ਦੇਸ਼ ਕਲਿੱਕ ਬਿਊਰੋ): ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ ਰਜਿ,23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਨੇ ਆਪਣੇ ਸਾਥੀਆਂ ਸਮੇਤ ਮਿਊਸੀਪਲ ਭਵਨ ਸੈਕਟਰ 35 ਏ ਚੰਡੀਗੜ੍ਹ ਵਿਖੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਸਥਾਨਕ ਸਰਕਾਰਾਂ ਨਾਲ ਮੀਟਿੰਗ ਕੀਤੀ ਗਈ। ਜਥੇਬੰਦੀ ਦੇ ਆਗੂਆਂ ਵੱਲੋਂ ਸੀਵਰੇਜ ਬੋਰਡ ਦੇ ਅੰਦਰ ਪਿਛਲੇ 15-20 ਸਾਲਾਂ ਤੋਂ ਠੇਕੇਦਾਰਾਂ ਕੰਪਨੀਆਂ ਸੋਸਾਇਟੀਆਂ ਅਤੇ ਆਊਟਸੋਰਸ ਸਿਸਟਮ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨੂੰ ਸੀਵਰੇਜ ਬੋਰਡ ਵਿੱਚ ਮਰਜ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਗੱਲ ਆਖੀ ਗਈ।
ਮੰਤਰੀ ਬੈਂਸ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਮੁੱਖ ਕਾਰਜਕਾਰੀ ਅਫਸਰ ਮੈਡਮ ਦੀਪਤੀ ਉੱਪਲ (ਆਈਏਐਸ) ਵੱਲੋਂ ਭੇਜੇ ਗਏ ਪੱਤਰ ਅਨੁਸਾਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅੰਦਰ ਕੰਮ ਕਰਦੇ ਕੱਚੇ ਮੁਲਾਜ਼ਮਾਂ ਦਾ ਡਾਟਾ ਮੁੱਖ ਦਫਤਰ ਚੰਡੀਗੜ੍ਹ ਵਲੋਂ ਪਰਸੋਨਲ ਵਿਭਾਗ ਨੂੰ ਭੇਜਣ ਤੋਂ ਬਾਅਦ ਆਰਡੀਨੈਂਸ ਨੂੰ ਪਾਸ ਕਰਵਾਉਣ ਦੇ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਭੇਜਿਆ ਹੋਇਆ ਹੈ । ਜਿਉਂ ਹੀ ਆਰਡੀਨੈਂਸ ਪਾਸ ਹੋ ਕੇ ਪੰਜਾਬ ਸਰਕਾਰ ਕੋਲ ਆਉਂਦਾ ਹੈ ਉਸ ਦੇ ਆਉਂਦਿਆਂ ਹੀ ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਿਆ ਜਾਵੇਗਾ।
ਜਥੇਬੰਦੀ ਦੇ ਆਗੂਆਂ ਵੱਲੋਂ ਇਹ ਚਿਤਾਵਨੀ ਜਿੱਤੀ ਜੇਕਰ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਪੱਤਰ ਅਨੁਸਾਰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਗਗਨਦੀਪ ਸਿੰਘ ਸੁਨਾਮ, ਗੁਰਵਿੰਦਰ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਯਾਦੀ ,ਪ੍ਰਦੀਪ ਸਿੰਘ ਭੀਖੀ, ਕਰਨੈਲ ਸਿੰਘ ਫਤਿਹਗੜ੍ਹ ਸਾਹਿਬ, ਇਕਬਾਲ ਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਆਦਿ ਹਾਜ਼ਰ ਸਨ।



