Chandigarh Police issues traffic advisory! PM ਮੋਦੀ ਦਾ ਦੌਰਾ ਭਲਕੇ; 26800 ਕਰੋੜ ਦੇ ਪ੍ਰੋਜੈਕਟਾਂ ਦੀ ਮਿਲੇਗੀ ਸੌਗਾਤ
ਚੰਡੀਗੜ੍ਹ 16 ਜੁਲਾਈ, 2026- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ 17 ਜੁਲਾਈ 2026 ਨੂੰ ਚੰਡੀਗੜ੍ਹ ਅਤੇ ਹਰਿਆਣਾ ਦੇ ਵਿਸ਼ੇਸ਼ ਦੌਰੇ ‘ਤੇ ਆ ਰਹੇ ਹਨ। ਆਪਣੇ ਇਸ ਦੌਰੇ ਦੌਰਾਨ ਉਹ ਖੇਤਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਲਗਭਗ 26,800 ਕਰੋੜ ਰੁਪਏ ਦੇ ਭਾਰੀ-ਭਰਕਮ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੀ ਇਸ ਵੀਵੀਆਈਪੀ (VVIP) ਮੂਵਮੈਂਟ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਲਈ ਇੱਕ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਚੰਡੀਗੜ੍ਹ ਵਿੱਚ ਟ੍ਰੈਫਿਕ ਪਾਬੰਦੀਆਂ ਅਤੇ ਰੂਟ ਡਾਇਵਰਸ਼ਨ
ਵੀਵੀਆਈਪੀ ਦੌਰੇ ਕਾਰਨ ਸ਼ਹਿਰ ਦੀ ਆਵਾਜਾਈ ਵਿੱਚ ਬਦਲਾਅ ਕੀਤੇ ਗਏ ਹਨ। ਚੰਡੀਗੜ੍ਹ-ਨਯਾਗਾਓਂ ਬੈਰੀਅਰ ਤੋਂ ਪੀ.ਈ.ਸੀ. (PEC) ਲਾਈਟ ਪੁਆਇੰਟ ਹੁੰਦੇ ਹੋਏ ਸੈਕਟਰ 2/3/10-11 ਚੌਕ ਤੱਕ ਦੇ ਰੂਟ ‘ਤੇ ਟ੍ਰੈਫਿਕ ਨੂੰ ਡਾਇਵਰਟ ਜਾਂ ਰੋਕਿਆ ਜਾਵੇਗਾ। ਆਮ ਲੋਕਾਂ ਨੂੰ ਭਲਕੇ ਦੁਪਹਿਰ 3:00 ਵਜੇ ਤੱਕ ਇਸ ਰੂਟ ਤੋਂ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਤੇ ਅਧਿਕਾਰੀਆਂ ਨੂੰ ਸਿਰਫ਼ ਨਿਰਧਾਰਤ ਥਾਵਾਂ ‘ਤੇ ਹੀ ਗੱਡੀਆਂ ਖੜ੍ਹੀਆਂ ਕਰਨੀਆਂ ਹੋਣਗੀਆਂ।
ਸਾਈਕਲ ਟ੍ਰੈਕ, ਪੈਦਲ ਰਸਤਿਆਂ ਜਾਂ ਨੋ-ਪਾਰਕਿੰਗ ਖੇਤਰਾਂ ਵਿੱਚ ਖੜ੍ਹੀਆਂ ਗੱਡੀਆਂ ਨੂੰ ਤੁਰੰਤ ਟੋਅ (tow) ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲੋਕਾਂ ਨੂੰ ਭੀੜ ਤੋਂ ਬਚਣ ਲਈ ਬਦਲਵੇਂ ਰਸਤੇ ਅਪਣਾਉਣ ਦੀ ਅਪੀਲ ਕੀਤੀ ਹੈ ਅਤੇ ਤਾਜ਼ਾ ਜਾਣਕਾਰੀ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਨਜ਼ਰ ਰੱਖਣ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਖ-ਵੱਖ ਖੇਤਰਾਂ ਲਈ ਕੀਤੇ ਜਾਣ ਵਾਲੇ ਵੱਡੇ ਐਲਾਨ ਅਤੇ ਉਦਘਾਟਨ ਅਨੁਸਾਰ, ਸਾਫ਼ ਅਤੇ ਟਿਕਾਊ ਆਵਾਜਾਈ (Sustainable Transport) ਵੱਲ ਇੱਕ ਇਤਿਹਾਸਕ ਕਦਮ ਪੁੱਟਦਿਆਂ, ਪੀਐਮ ਮੋਦੀ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।



