ਸਰਕਾਰੀ ਬੱਸਾਂ ਦਾ ਚੱਕਾ ਜਾਮ; ਮੁਲਾਜ਼ਮ ਗਏ ਹੜਤਾਲ ‘ਤੇ…!

Top Trending News

 

Government buses are jammed: ਸਰਕਾਰੀ ਬੱਸਾਂ ਦਾ ਚੱਕਾ ਜਾਮ; ਮੁਲਾਜ਼ਮ ਗਏ ਹੜਤਾਲ ‘ਤੇ…!

Government buses are jammed: ਪੀ.ਆਰ.ਟੀ.ਸੀ. (PRTC) ਦੇ ਕੱਚੇ ਮੁਲਾਜ਼ਮਾਂ ਵੱਲੋਂ ਅਚਾਨਕ ਚੱਕਾ ਜਾਮ; ਅੱਧ ਤੋਂ ਵੱਧ ਬੱਸਾਂ ਬੰਦ, ਅੱਤ ਦੀ ਗਰਮੀ ‘ਚ ਮੁਸਾਫ਼ਰ ਖੱਜਲ-ਖੁਆਰ

ਪਟਿਆਲਾ 16 ਜੁਲਾਈ, 2026 (Government buses are jammed)- ਪੀ.ਆਰ.ਟੀ.ਸੀ. (PRTC) ਕੰਟਰੈਕਟ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਆਗੂ ਹਰਕੇਸ਼ ਵਿੱਕੀ (ਪਟਿਆਲਾ) ਦੀ ਅਗਵਾਈ ਹੇਠ ਅਚਾਨਕ ਹੜਤਾਲ ਕਰ ਦਿੱਤੀ ਗਈ ਹੈ। ਭਾਵੇਂ ਇਸ ਹੜਤਾਲ ਦਾ ਐਲਾਨ ਬੀਤੇ ਦਿਨ ਹੀ ਕਰ ਦਿੱਤਾ ਗਿਆ ਸੀ, ਪਰ ਇਸ ਦਾ ਮੁਕੰਮਲ ਅਸਰ ਅੱਜ ਯਾਨੀ 16 ਜੁਲਾਈ ਦੀ ਸਵੇਰ ਤੋਂ ਦੇਖਣ ਨੂੰ ਮਿਲ ਰਿਹਾ ਹੈ। ਹੜਤਾਲ ਕਾਰਨ ਪੀ.ਆਰ.ਟੀ.ਸੀ. ਦੀਆਂ 1300 ਬੱਸਾਂ ਵਿੱਚੋਂ ਅੱਧ ਤੋਂ ਵੱਧ ਬੱਸਾਂ ਦੇ ਪਹੀਏ ਜਾਮ ਹੋ ਗਏ ਹਨ, ਜਿਸ ਕਾਰਨ ਬੱਸ ਅੱਡਿਆਂ ‘ਤੇ ਸਵਾਰੀਆਂ ਦੀ ਭਾਰੀ ਭੀੜ ਜਮ੍ਹਾ ਹੋ ਗਈ ਹੈ।

ਜਾਣਕਾਰੀ ਮੁਤਾਬਕ ਯੂਨੀਅਨ ਅਤੇ ਮੈਨੇਜਮੈਂਟ ਦਰਮਿਆਨ ਵਿਵਾਦ ਦੀ ਮੁੱਖ ਵਜ੍ਹਾ ਯੂਨੀਅਨ ਦੇ ਸੂਬਾਈ ਚੇਅਰਮੈਨ ਗੁਰਿੰਦਰ ਸਿੰਘ ਗੁਰੀ ਦੀ ਬਰਖਾਸਤਗੀ ਹੈ। ਬੀਤੇ ਦਿਨ ਮੈਨੇਜਮੈਂਟ ਅਤੇ ਯੂਨੀਅਨ ਵਿਚਕਾਰ ਕਈ ਮੀਟਿੰਗਾਂ ਹੋਈਆਂ, ਪਰ ਜਦੋਂ ਪ੍ਰਬੰਧਕਾਂ ਨੇ ਗੁਰਿੰਦਰ ਸਿੰਘ ਗੁਰੀ ਨੂੰ ਬਹਾਲ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ, ਤਾਂ ਗੁੱਸੇ ਵਿੱਚ ਆਏ ਸੂਬਾ ਆਗੂ ਹਰਕੇਸ਼ ਵਿੱਕੀ ਨੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ।

ਅੱਤ ਦੀ ਗਰਮੀ ਦੇ ਇਸ ਮੌਸਮ ਵਿੱਚ ਲੋਕ ਬੱਸ ਅੱਡਿਆਂ ‘ਤੇ ਖੱਜਲ-ਖੁਆਰ ਹੋਣ ਲਈ ਮਜਬੂਰ ਹਨ। ਅਚਾਨਕ ਹੋਈ ਇਸ ਹੜਤਾਲ ਕਾਰਨ ਸਭ ਤੋਂ ਵੱਧ ਮੁਸ਼ਕਿਲ ਉਨ੍ਹਾਂ ਮਹਿਲਾਵਾਂ ਨੂੰ ਝੱਲਣੀ ਪੈ ਰਹੀ ਹੈ, ਜੋ ਆਧਾਰ ਕਾਰਡ ਰਾਹੀਂ ਮੁਫ਼ਤ ਸਫ਼ਰ ਦੀ ਸਹੂਲਤ ਦਾ ਲਾਭ ਲੈਂਦੀਆਂ ਹਨ। ਦੂਜੇ ਪਾਸੇ, ਪੀ.ਆਰ.ਟੀ.ਸੀ. ਮੈਨੇਜਮੈਂਟ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੱਧ ਤੋਂ ਵੱਧ ਬੱਸਾਂ ਚਲਾ ਕੇ ਮੁਸਾਫ਼ਰਾਂ ਨੂੰ ਰਾਹਤ ਦਿੱਤੀ ਜਾ ਸਕੇ।

ਇਸੇ ਦੌਰਾਨ ਹੜਤਾਲੀ ਮੁਲਾਜ਼ਮਾਂ ਨੇ ਅੱਜ ਪਟਿਆਲਾ ਬੱਸ ਅੱਡੇ ਦੇ ਅੰਦਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਵਰਕਰਾਂ ਨੇ ਚੇਤਾਵਨੀ ਦਿੱਤੀ ਕਿ ਗੁਰਿੰਦਰ ਸਿੰਘ ਗੁਰੀ ਦੀ ਬਹਾਲੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ (ਰੈਗੂਲਰ) ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੁੱਦੇ ‘ਤੇ ਸਿਆਸਤ ਵੀ ਗਰਮਾ ਗਈ ਹੈ। ਸਨੌਰ ਤੋਂ ਕਾਂਗਰਸੀ ਆਗੂ ਬਲਿਹਾਰ ਸ਼ਮਸਪੁਰ ਅਤੇ ਗੌਰਵ ਸੰਧੂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਮੌਜੂਦਾ ਸਰਕਾਰ ਦੀ ਨਾਕਾਮੀ ਦਾ ਸਿੱਟਾ ਹੈ ਕਿ ਆਮ ਜਨਤਾ ਸੜਕਾਂ ‘ਤੇ ਪਰੇਸ਼ਾਨ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰੇ ਤਾਂ ਜੋ ਜਨਤਾ ਦੀ ਖੱਜਲ-ਖੁਆਰੀ ਖ਼ਤਮ ਹੋ ਸਕੇ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।