ਪੰਜਾਬ ‘ਚ ਐਤਵਾਰ ਤੋਂ ਬਦਲੇਗਾ ਮੌਸਮ ਦਾ ਮਿਜ਼ਾਜ; ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ

Top Trending News ਪੰਜਾਬ

 

ਪੰਜਾਬ ‘ਚ ਐਤਵਾਰ ਤੋਂ ਬਦਲੇਗਾ ਮੌਸਮ ਦਾ ਮਿਜ਼ਾਜ; ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ‘ਚ ਫਿਲਹਾਲ ਮੌਨਸੂਨ ਹੋਇਆ ਸੁਸਤ, ਆਉਣ ਵਾਲੇ ਦਿਨਾਂ ਵਿੱਚ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨ ਲਈ ਰਹਿਣ ਤਿਆਰ

ਚੰਡੀਗੜ੍ਹ, 16 ਜੁਲਾਈ 2026

ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਮੌਨਸੂਨ ਨੇ ਜੋਰ ਫੜਿਆ ਸੀ, ਪਰ ਹੁਣ ਇਹ ਮੌਨਸੂਨੀ ਪ੍ਰਣਾਲੀ ਕਾਫੀ ਸੁਸਤ ਪੈ ਗਈ ਹੈ। ਪਿਛਲੇ ਕੁਝ ਦਿਨਾਂ ਵਿੱਚ ਹੋਈ ਚੰਗੀ ਬਾਰਿਸ਼ ਤੋਂ ਬਾਅਦ ਹੁਣ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਸੂਬੇ ਦੇ ਲੋਕਾਂ ਨੂੰ ਆਉਣ ਵਾਲੇ ਕੁਝ ਦਿਨਾਂ ਤੱਕ ਮੁੜ ਤੋਂ ਹੁੰਮਸ ਭਰੀ ਗਰਮੀ ਅਤੇ ਤਪਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ 18 ਜੁਲਾਈ ਤੋਂ ਪਹਿਲਾਂ ਮੀਂਹ ਦੀ ਕੋਈ ਵੱਡੀ ਸੰਭਾਵਨਾ ਨਹੀਂ ਹੈ।

ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਪੇਸ਼ੀਨਗੋਈ ਅਨੁਸਾਰ, ਅਗਲੇ ਕੁਝ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, 19 ਅਤੇ 20 ਜੁਲਾਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਦਾ ਮਿਜ਼ਾਜ ਬਦਲੇਗਾ। ਖਾਸ ਤੌਰ ‘ਤੇ ਜੰਮੂ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 27 ਜੁਲਾਈ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਤੇ ਹਲਕੀ ਅਤੇ ਕਿਤੇ ਤੇਜ਼ ਬਾਰਿਸ਼ ਜਾਰੀ ਰਹਿਣ ਦੇ ਆਸਾਰ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਵਰਤਮਾਨ ਵਿੱਚ ਮੌਨਸੂਨੀ ਪ੍ਰਣਾਲੀ ਕਮਜ਼ੋਰ ਚੱਲ ਰਹੀ ਹੈ, ਜਿਸ ਕਾਰਨ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਘੱਟ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਸਥਾਨਕ ਪੱਧਰ ‘ਤੇ ਬੱਦਲਵਾਈ ਅਤੇ ਤੇਜ਼ ਹਵਾਵਾਂ ਨਾਲ ਕਿਤੇ-ਕਿਤੇ ਹਲਕੀ ਬਾਰਿਸ਼ ਹੀ ਹੋ ਸਕਦੀ ਹੈ।

ਡਾ. ਕਿੰਗਰਾ ਮੁਤਾਬਕ, ਬੰਗਾਲ ਦੀ ਖਾੜੀ ਵਿੱਚ ਇੱਕ ਨਵਾਂ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਜੇਕਰ ਇਹ ਮੌਸਮੀ ਪ੍ਰਣਾਲੀ ਮਜ਼ਬੂਤ ਹੁੰਦੀ ਹੈ, ਤਾਂ 18 ਜੁਲਾਈ ਤੋਂ ਬਾਅਦ ਮੌਨਸੂਨ ਮੁੜ ਸਰਗਰਮ ਹੋ ਸਕਦਾ ਹੈ। ਇਸ ਨਾਲ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਮੁੜ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਹਾਲਾਂਕਿ ਮੌਨਸੂਨ ਸੁਸਤ ਹੈ, ਪਰ ਮੰਗਲਵਾਰ ਨੂੰ ਵੀ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ। ਅੰਕੜਿਆਂ ਮੁਤਾਬਕ ਗੁਰਦਾਸਪੁਰ ਵਿੱਚ 52.8 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 1.0 ਮਿਲੀਮੀਟਰ ਅਤੇ ਚੰਡੀਗੜ੍ਹ ਵਿੱਚ 0.4 ਮਿਲੀਮੀਟਰ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੁੰਮਸ ਤੋਂ ਬਚਣ ਲਈ ਸਾਵਧਾਨੀ ਵਰਤਣ ਅਤੇ ਮੌਸਮ ਦੀਆਂ ਤਾਜ਼ਾ ਅਪਡੇਟਸ ‘ਤੇ ਨਜ਼ਰ ਰੱਖਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।