ਰੋਟੀ ਖਾਣ ਮਗਰੋਂ 2 ਸਕੇ ਮਾਸੂਮ ਭਰਾਵਾਂ ਦੀ ਹੋਈ ਮੌਤ

Top Trending News ਪੰਜਾਬ
  • ਰੋਟੀ ਖਾਣ ਮਗਰੋਂ 2 ਸਕੇ ਮਾਸੂਮ ਭਰਾਵਾਂ ਦੀ ਹੋਈ ਮੌਤ

ਤਰਨਤਾਰਨ,17 ਜੁਲਾਈ 2026 (ਦੇਸ਼ ਕਲਿੱਕ ਬਿਊਰੋ) – ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਾਣੀਵਲਾਹ ਵਿਖੇ ਭੇਦਭਰੇ ਹਾਲਾਤਾਂ ਵਿੱਚ ਇੱਕੋ ਪਰਿਵਾਰ ਦੇ ਦੋ ਮਾਸੂਮ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਬੱਚਿਆਂ ਦੀ ਪਹਿਚਾਣ ਗੁਰਨਿਸ਼ਾਨ ਸਿੰਘ (7) ਅਤੇ ਗੁਰਦਾਨ ਸਿੰਘ (ਡੇਢ ਸਾਲ) ਪੁੱਤਰ ਸਰਜੀਤ ਸਿੰਘ ਵਾਸੀ ਰਾਣੀਵਲਾਹ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 13 ਜੁਲਾਈ ਦੀ ਰਾਤ ਪਰਿਵਾਰ ਨੇ ਘਰ ਵਿੱਚ ਤਿਆਰ ਕੀਤਾ ਖਾਣਾ ਖਾਧਾ ਸੀ। ਖਾਣਾ ਖਾਣ ਤੋਂ ਕੁਝ ਸਮੇਂ ਬਾਅਦ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਅਚਾਨਕ ਵਿਗੜ ਗਈ। ਪਰਿਵਾਰ ਵੱਲੋਂ ਮੁੱਢਲੇ ਤੌਰ ‘ਤੇ ਦਵਾਈ ਲਈ ਗਈ, ਪਰ ਦੋਵਾਂ ਬੱਚਿਆਂ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਆਉਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਇਸ ਦੌਰਾਨ 7 ਸਾਲਾ ਗੁਰਨਿਸ਼ਾਨ ਸਿੰਘ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ, ਜਦਕਿ ਡੇਢ ਸਾਲਾ ਗੁਰਦਾਨ ਸਿੰਘ ਨੇ ਅੱਜ ਇਲਾਜ ਦੌਰਾਨ ਆਖ਼ਰੀ ਸਾਹ ਲਿਆ। ਮੁੱਢਲੇ ਤੌਰ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਖਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਹੋ ਸਕਦੀ ਹੈ, ਜਿਸ ਕਾਰਨ ਇਹ ਦਰਦਨਾਕ ਘਟਨਾ ਵਾਪਰੀ। ਹਾਲਾਂਕਿ ਪਰਿਵਾਰ ਦੇ ਹੋਰ ਮੈਂਬਰਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਚੋਹਲਾ ਸਾਹਿਬ ਦੇ ਡਿਊਟੀ ਅਫ਼ਸਰ ਏ.ਐਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਜ਼ਹਿਰੀਲੀ ਵਸਤੂ ਖਾਧੇ ਜਾਣ ਦਾ ਖ਼ਦਸ਼ਾ ਜ਼ਰੂਰ ਪ੍ਰਗਟਾਇਆ ਜਾ ਰਿਹਾ ਹੈ,ਪਰ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਮੈਡੀਕਲ ਅਤੇ ਪੋਸਟਮਾਰਟਮ ਰਿਪੋਰਟਾਂ ਆਉਣ ਤੋਂ ਬਾਅਦ ਹੀ ਹੋ ਸਕੇਗਾ।

ਪੁਲਿਸ ਨੇ ਕਿਹਾ ਹੈ ਕਿ ਜਾਂਚ ਰਿਪੋਰਟਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉੱਧਰ,ਦੋ ਮਾਸੂਮ ਬੱਚਿਆਂ ਦੀ ਮੌਤ ਨਾਲ ਪਿੰਡ ਰਾਣੀਵਲਾਹ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਗਹਿਰਾ ਦੁੱਖ ਅਤੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।