ਨੌਜਵਾਨ ‘ਤੇ ਕਿਰਪਾਨ ਨਾਲ ਜਾਨਲੇਵਾ ਹਮਲਾ; 2 ਨਾਮਜ਼ਦ ਅਤੇ 1 ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

Top Trending News ਪੰਜਾਬ
  • ਨੌਜਵਾਨ ‘ਤੇ ਕਿਰਪਾਨ ਨਾਲ ਜਾਨਲੇਵਾ ਹਮਲਾ; 2 ਨਾਮਜ਼ਦ ਅਤੇ 1 ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

ਮੋਰਿੰਡਾ 17 ਜੁਲਾਈ (ਭਟੋਆ): ਮੋਰਿੰਡਾ ਦੇ ਨਜ਼ਦੀਕੀ ਪਿੰਡ ਕਾਈਨੌਰ ਕੋਲ ਇੱਕ ਨੌਜਵਾਨ ‘ਤੇ ਕਿਰਪਾਨ ਨਾਲ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਥਾਣਾ ਸਦਰ ਮੋਰਿੰਡਾ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਦੋ ਨਾਮਜ਼ਦ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ਿਕਾਇਤਕਰਤਾ ਤਨਵੀਰ ਸਿੰਘ (ਉਮਰ ਕਰੀਬ 18 ਸਾਲ) ਪੁੱਤਰ ਪਲਵਿੰਦਰ ਸਿੰਘ, ਵਾਸੀ ਪਿੰਡ ਬਹਿਬਲਪੁਰ (ਮੋਰਿੰਡਾ) ਨੇ ਦੱਸਿਆ ਕਿ ਉਹ ਭਾਗੋ ਮਾਜਰਾ ਟੋਲ ਪਲਾਜ਼ਾ ‘ਤੇ ਨੌਕਰੀ ਕਰਦਾ ਹੈ। ਬੀਤੀ 11 ਜੁਲਾਈ 2026 ਨੂੰ ਉਹ ਆਪਣੇ ਪਿੰਡ ਦੇ ਰਾਹੁਲ ਪੁੱਤਰ ਬਲਜੀਤ ਸਿੰਘ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਾਈਨੌਰ ਵਿਖੇ ਆਪਣੇ ਦੋਸਤ ਬਿਕਰਮ ਨੂੰ ਮਿਲਣ ਗਿਆ ਸੀ।
ਜਦੋਂ ਉਹ ਰਾਤ ਕਰੀਬ 8:00 ਵਜੇ ਵਾਪਸ ਪਰਤ ਰਹੇ ਸਨ, ਤਾਂ ਕਾਈਨੌਰ ਬੱਸ ਸਟੈਂਡ ਦੇ ਨੇੜੇ ਖੜ੍ਹੇ ਤਿੰਨ ਲੜਕਿਆਂ ਨੇ ਉਨ੍ਹਾਂ ਨੂੰ ਰੋਕ ਲਿਆ।

ਤਨਵੀਰ ਸਿੰਘ ਅਨੁਸਾਰ, ਰੋਕਣ ਸਾਰ ਹੀ ਉਕਤ ਲੜਕਿਆਂ ਨੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਧੱਕਾ-ਮੁੱਕੀ ਕਰਨ ਲੱਗੇ। ਇਸ ਦੌਰਾਨ ਇੱਕ ਲੜਕੇ ਨੇ ਆਪਣੀ ਪੈਂਟ ਦੇ ਪਿਛਲੇ ਪਾਸਿਓਂ ਕਿਰਪਾਨ ਕੱਢ ਲਈ, ਜਦਕਿ ਦੂਜੇ ਲੜਕੇ ਨੇ ਤਨਵੀਰ ਨੂੰ ਜੱਫੀ ਪਾ ਕੇ ਫੜ ਲਿਆ।
ਜਦੋਂ ਹਮਲਾਵਰ ਨੇ ਕਿਰਪਾਨ ਨਾਲ ਤਨਵੀਰ ਦੇ ਸਿਰ ‘ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਬਚਾਅ ਲਈ ਤਨਵੀਰ ਨੇ ਆਪਣਾ ਸੱਜਾ ਹੱਥ ਅੱਗੇ ਕਰ ਦਿੱਤਾ, ਜਿਸ ਕਾਰਨ ਉਸ ਦੇ ਹੱਥ ‘ਤੇ ਗੰਭੀਰ ਸੱਟ ਲੱਗੀ। ਦੁਬਾਰਾ ਵਾਰ ਕਰਨ ‘ਤੇ ਤਨਵੀਰ ਨੇ ਖੱਬਾ ਹੱਥ ਅੱਗੇ ਕੀਤਾ, ਜਿਸ ਨਾਲ ਉਸ ਦਾ ਦੂਜਾ ਹੱਥ ਵੀ ਜ਼ਖ਼ਮੀ ਹੋ ਗਿਆ। ਰੌਲਾ ਪਾਉਣ ‘ਤੇ ਲੋਕਾਂ ਦਾ ਇਕੱਠ ਹੁੰਦਾ ਵੇਖ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਜ਼ਖ਼ਮੀ ਹਾਲਤ ਵਿੱਚ ਰਾਹੁਲ ਨੇ ਤਨਵੀਰ ਨੂੰ ਤੁਰੰਤ CHC ਮੋਰਿੰਡਾ ਵਿਖੇ ਦਾਖ਼ਲ ਕਰਵਾਇਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪਹਿਲਾਂ GMCH ਸੈਕਟਰ-32 ਚੰਡੀਗੜ੍ਹ ਅਤੇ ਫਿਰ PGIMER ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰੀ ਰਿਪੋਰਟ (MLR) ਅਨੁਸਾਰ ਪੀੜਤ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰ ਦੀਆਂ 4 ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।

ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. (ASI) ਅਵਤਾਰ ਸਿੰਘ ਨੇ ਪੀ.ਜੀ.ਆਈ. ਚੰਡੀਗੜ੍ਹ ਪਹੁੰਚ ਕੇ ਪੀੜਤ ਦੇ ਬਿਆਨ ਦਰਜ ਕੀਤੇ। ਹਮਲਾਵਰਾਂ ਦੀ ਪਛਾਣ ਜਸਕਰਨ ਸਿੰਘ ਪੁੱਤਰ ਕਿੰਦਾ (ਵਾਸੀ ਅਰਨੌਲੀ) ਅਤੇ ਗੁਰਕੀਰਤ ਸਿੰਘ ਪੁੱਤਰ ਕਰਨੈਲ ਸਿੰਘ (ਵਾਸੀ ਕਾਈਨੌਰ) ਵਜੋਂ ਹੋਈ ਹੈ, ਜਦਕਿ ਤੀਜਾ ਸਾਥੀ ਅਣਪਛਾਤਾ ਹੈ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ BNS ਦੀਆਂ ਧਾਰਾਵਾਂ 115(2), 118(1), 126(2) ਅਤੇ 3(5) ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।