- ਅਮਰੀਕਾ ‘ਚ ਵਾਂਟੇਡ ਪੰਜਾਬ ਪੁਲਿਸ ਦਾ SHO 3 ਦਿਨ ਦੇ ਰਿਮਾਂਡ ‘ਤੇ
ਚੰਡੀਗੜ੍ਹ, 18 ਜੁਲਾਈ (ਦੇਸ਼ ਕਲਿੱਕ ਬਿਊਰੋ): ਗ੍ਰਿਫ਼ਤਾਰ ਕੀਤੇ ਗਏ ਟਾਂਡਾ ਉੜਮੁੜ ਦੇ ਸਾਬਕਾ ਥਾਣਾ ਮੁਖੀ SHO ਗੁਰਜਿੰਦਰਜੀਤ ਸਿੰਘ ਨਾਗਰਾ ਨੂੰ ਅਮਰੀਕਾ ਨਾਲ ਜੁੜੇ ਜਬਰੀ ਵਸੂਲੀ ਮਾਮਲੇ ਦੀ ਜਾਂਚ ਦੌਰਾਨ ਐੱਸ. ਪੀ. (ਦਿਹਾਤੀ) ਜਲੰਧਰ ਦੀ ਕੋਰਟ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਮਗਰੋਂ ਅੱਜ ਦਸੂਹਾ ਸਿਵਲ ਕੋਰਟ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਨਾਗਰਾ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਸਟੇਸ਼ਨ ਦੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਮੁਅੱਤਲ ਕਰ ਦਿੱਤਾ ਹੈ। ਅਮਰੀਕੀ ਐਫਬੀਆਈ ਨੇ ਇੱਕ ਪਰਿਵਾਰ ਤੋਂ 4 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿੱਚ ਓਪਰੇਸ਼ਨ ਹਾਰਡਬਾਲ ਤਹਿਤ ਨਾਗਰਾ ਨੂੰ ਵਾਂਟੇਡ ਘੋਸ਼ਿਤ ਕੀਤਾ ਸੀ। ਮਾਮਲੇ ਵਿੱਚ ਨਾਮ ਆਉਣ ਤੋਂ ਬਾਅਦ ਐਸਐਚਓ ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ ਗਿਆ ਸੀ।
ਪੁਲਿਸ ਜਾਂਚ ਵਿੱਚ ਨਾਗਰਾ ਦੇ ਖਾਤੇ ਵਿੱਚ ₹16 ਲੱਖ ਦਾ ਰਿਕਾਰਡ ਸਾਹਮਣੇ ਆਇਆ। ਫਿਰੌਤੀ ਮੰਗਣ ਦੇ ਸਬੂਤ ਵੀ ਸਾਹਮਣੇ ਆਏ। ਐਫਬੀਆਈ ਦੁਆਰਾ ਕੀਤੇ ਗਏ ਆਪ੍ਰੇਸ਼ਨ ਹਾਰਡਬਾਲ ਵਿੱਚ, ਨਾਗਰਾ ਦਾ ਨਾਮ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਦੇ ਅੰਤਰਰਾਸ਼ਟਰੀ ਨੈੱਟਵਰਕ ਵਿੱਚ ਫਿਰੌਤੀ ਮੰਗਣ ਲਈ ਵੀ ਸਾਹਮਣੇ ਆਇਆ। ਡੀਆਈਜੀ ਨਵੀਨ ਸਿੰਗਲਾ ਨੇ ਨਾਗਰਾ ਨੂੰ ਮੁਅੱਤਲ ਕਰ ਦਿੱਤਾ ਅਤੇ ਜਾਂਚ ਪੁਲਿਸ ਸੁਪਰਡੈਂਟ ਵਿਨੀਤ ਅਹਲਾਵਤ ਨੂੰ ਸੌਂਪੀ ਗਈ ਸੀ। ਜਾਂਚ ਤੋਂ ਬਾਅਦ, ਸ਼ੁੱਕਰਵਾਰ ਦੇਰ ਰਾਤ ਇੰਸਪੈਕਟਰ ਨਾਗਰਾ ਵਿਰੁੱਧ ਫਿਰੌਤੀ ਅਤੇ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।



