Heavy Rain Alert: ਪੰਜਾਬ ‘ਚ ਭਾਰੀ ਮੀਂਹ ਪੈਣ ਬਾਰੇ ਮੌਸਮ ਵਿਭਾਗ ਵੱਲੋਂ ਔਰੈਂਜ ਅਲਰਟ ਜਾਰੀ
ਚੰਡੀਗੜ੍ਹ 21 ਜੁਲਾਈ 2026
ਪੰਜਾਬ ਵਿੱਚ ਮੌਨਸੂਨ ਦੇ ਮੁੜ ਸਰਗਰਮ ਹੋਣ ਤੋਂ ਬਾਅਦ ਅੱਜ ਸੂਬੇ ਦੇ ਕਈ ਸ਼ਹਿਰਾਂ ਵਿੱਚ ਮੀਂਹ ਪਿਆ ਹੈ। ਇਸ ਮੀਂਹ ਨੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਦਿੱਤੀ ਹੈ। ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਪਿਆ ਹੈ, ਉੱਥੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ, ਪਰ ਦੂਜੇ ਪਾਸੇ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਸੁਨਾਮ ਅਤੇ ਬਠਿੰਡਾ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਮੀਂਹ ਨਾ ਪੈਣ ਕਾਰਨ ਕਿਸਾਨਾਂ ਦੀ ਚਿੰਤਾ ਲਗਾਤਾਰ ਵਧੀ ਹੋਈ ਹੈ।
ਲੋਕਾਂ ਦੀਆਂ ਮੁਸ਼ਕਲਾਂ ਅਤੇ ਮੌਸਮ ਦੇ ਬਦਲਦੇ ਮਿਜ਼ਾਜ ਨੂੰ ਵੇਖਦਿਆਂ ਮੌਸਮ ਵਿਗਿਆਨੀਆਂ ਨੇ 21 ਅਤੇ 22 ਜੁਲਾਈ ਨੂੰ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਉਂਦਿਆਂ ਔਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਨਸੂਨ ਪੂਰੇ ਜੋਸ਼ ਵਿੱਚ ਰਹੇਗਾ।
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਰਾਜਧਾਨੀ ਚੰਡੀਗੜ੍ਹ ਵਿੱਚ 22.6 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ। ਇੱਕ ਪਾਸੇ ਜਿੱਥੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਨੇ ਮੌਸਮ ਸੁਹਾਵਣਾ ਬਣਾ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਫ਼ਰੀਦਕੋਟ ਸ਼ਹਿਰ ਸੂਬੇ ਵਿੱਚ ਸਭ ਤੋਂ ਗਰਮ ਰਿਹਾ।
ਫ਼ਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 41.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਕਾਰਨ ਇੱਥੋਂ ਦੇ ਵਸਨੀਕ ਗਰਮੀ ਤੋਂ ਪ੍ਰੇਸ਼ਾਨ ਨਜ਼ਰ ਆਏ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮੀਂਹ ਫ਼ਸਲਾਂ ਲਈ ਕਾਫੀ ਫ਼ਾਇਦੇਮੰਦ ਸਾਬਤ ਹੋਵੇਗਾ ਅਤੇ ਚੱਲ ਰਹੇ ਮੀਂਹ ਦੇ ਘਾਟੇ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।



