Sikkim: ਲੈਂਡਸਲਾਈਡ ਤੋਂ ਬਾਅਦ ਮੀਥੇਨ ਗੈਸ ਦਾ ਕਹਿਰ, 10 ਮਜ਼ਦੂਰਾਂ ਦੀ ਮੌਤ- 12 ਨੂੰ ਜ਼ਿੰਦਾ ਬਚਾਇਆ
ਸਿੱਕਿਮ, 21 ਜੁਲਾਈ 2026- ਸਿੱਕਿਮ ਵਿੱਚ ਭਾਰੀ ਮੀਂਹ ਕਾਰਨ ਲੈਂਡਸਲਾਈਡ ਤੋਂ ਬਾਅਦ ਨਿਰਮਾਣ ਅਧੀਨ ਸਮਾਰਦੁੰਗ ਸੁਰੰਗ ਵਿੱਚ ਵਾਪਰੇ ਹਾਦਸੇ ਨੇ ਗੰਭੀਰ ਰੂਪ ਧਾਰ ਲਿਆ ਹੈ। ਸੁਰੰਗ ਦਾ ਦਾਖ਼ਲੀ ਦਰਵਾਜ਼ਾ ਮਲਬੇ ਹੇਠਾਂ ਦੱਬ ਜਾਣ ਕਾਰਨ ਸੋਮਵਾਰ ਤੋਂ ਕਈ ਮਜ਼ਦੂਰ ਅੰਦਰ ਫਸੇ ਰਹੇ। ਇਸ ਦੌਰਾਨ ਸੁਰੰਗ ਵਿੱਚ ਮੀਥੇਨ ਗੈਸ ਦੇ ਰਿਸਾਅ ਨੇ ਬਚਾਅ ਕਾਰਜਾਂ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ।
ਰਾਸ਼ਟਰੀ ਆਫ਼ਤ ਪ੍ਰਬੰਧਨ ਬਲ (NDRF) ਮੁਤਾਬਕ ਹੁਣ ਤੱਕ 10 ਮਜ਼ਦੂਰਾਂ ਦੀਆਂ ਲਾਸ਼ਾਂ ਸੁਰੰਗ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ 12 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਸੁਰੰਗ ਅੰਦਰ ਹੋਰ ਕਿੰਨੇ ਲੋਕ ਫਸੇ ਹੋਏ ਹਨ, ਜਿਸ ਕਾਰਨ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ।
ਲਗਭਗ ਡੇਢ ਕਿਲੋਮੀਟਰ ਲੰਬੀ ਇਸ ਸੁਰੰਗ ਵਿੱਚ ਮੀਥੇਨ ਗੈਸ ਦੀ ਮੌਜੂਦਗੀ ਕਾਰਨ ਬਚਾਅ ਟੀਮਾਂ ਨੂੰ ਆਕਸੀਜਨ ਮਾਸਕ ਪਾ ਕੇ ਕੰਮ ਕਰਨਾ ਪੈ ਰਿਹਾ ਹੈ। ਗੈਸ ਦੇ ਰਿਸਾਅ ਅਤੇ ਮਲਬੇ ਕਾਰਨ ਰਾਹਤ ਕਾਰਜਾਂ ਵਿੱਚ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫਸੇ ਹੋਏ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ NDRF, SDRF, ਸਿੱਕਿਮ ਪੁਲਿਸ ਅਤੇ ਅੱਗ ਬੁਝਾਊ ਤੇ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਜੰਗੀ ਪੱਧਰ ‘ਤੇ ਬਚਾਅ ਅਭਿਆਨ ਚਲਾ ਰਹੀਆਂ ਹਨ। ਭਾਰੀ ਮਸ਼ੀਨਰੀ ਅਤੇ ਆਧੁਨਿਕ ਉਪਕਰਣਾਂ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਜਾਰੀ ਹੈ।
ਇਸ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਕੁਝ ਕਰਮਚਾਰੀਆਂ ਦੇ ਵੀ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਹਾਲਾਤ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਜਾਂ ਅੰਦਰ ਫਸੇ ਲੋਕਾਂ ਦੀ ਸਹੀ ਸੰਖਿਆ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਬਚਾਅ ਏਜੰਸੀਆਂ ਦਾ ਕਹਿਣਾ ਹੈ ਕਿ ਸੁਰੰਗ ਵਿੱਚ ਮੌਜੂਦ ਹਰ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।



