- ਭਾਜਪਾ ਵਿਰੁੱਧ ‘ਇੰਡੀਆ’ ਗੱਠਜੋੜ ਨੂੰ ਇਕਜੁੱਟ ਹੋਣ ਦਾ ਸੱਦਾ- ਮਮਤਾ ਬੈਨਰਜੀ
ਕੋਲਕਾਤਾ 22 ਜੁਲਾਈ
ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਦੀ ਸਾਲਾਨਾ ਸ਼ਹੀਦੀ ਦਿਵਸ ਰੈਲੀ ਦੌਰਾਨ ਕਾਂਗਰਸ ਅਤੇ ਸੀ.ਪੀ.ਆਈ. (ਐੱਮ) ਨੂੰ ਆਪਣੇ ਮੱਤਭੇਦ ਭੁਲਾ ਕੇ ‘ਇੰਡੀਆ’ ਗੱਠਜੋੜ ਤਹਿਤ ਸੂਬੇ ਵਿੱਚ ਭਾਜਪਾ ਵਿਰੁੱਧ ਇਕਜੁੱਟ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਵਿਰੋਧੀ ਏਕਤਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਦੇ ਹਿੱਤਾਂ ਲਈ ਸਾਰੀਆਂ ਸੈਕੁਲਰ ਤਾਕਤਾਂ ਨੂੰ ਇੱਕ ਪਲੇਟਫਾਰਮ ‘ਤੇ ਆਉਣਾ ਚਾਹੀਦਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘‘ਮੈਂ ਚਾਹੁੰਦੀ ਹਾਂ ਕਿ ਭਾਜਪਾ ਨਾਲ ਸਿਆਸੀ ਤੌਰ ‘ਤੇ ਲੜਨ ਲਈ ਬੰਗਾਲ ਵਿੱਚ ਸਾਰੇ ‘ਇੰਡੀਆ’ ਗੱਠਜੋੜ ਤਹਿਤ ਇਕਜੁੱਟ ਹੋਣ। ਮੇਰੇ ਅੰਦਰ ਕੋਈ ਹੰਕਾਰ ਨਹੀਂ ਹੈ। ਮੈਂ ਦੂਜਿਆਂ ਨੂੰ ਵੀ ਆਪਣੇ ਪੁਰਾਣੇ ਮੱਤਭੇਦਾਂ ਨੂੰ ਪਾਸੇ ਰੱਖ ਕੇ ਮਿਲ ਕੇ ਲੜਨ ਦੀ ਅਪੀਲ ਕਰਦੀ ਹਾਂ।’’
ਇਸ ਮੌਕੇ ਉਨ੍ਹਾਂ ਨੇ ਆਪਣੀ ਪਾਰਟੀ ਦੇ ਬਾਗ਼ੀ ਨੇਤਾਵਾਂ ਲਈ ਦਰਵਾਜ਼ੇ ਸਖ਼ਤੀ ਨਾਲ ਬੰਦ ਕਰ ਦਿੱਤੇ ਅਤੇ ਸਾਫ਼ ਕਰ ਦਿੱਤਾ ਕਿ ‘ਗੱਦਾਰਾਂ’ ਨੂੰ ਟੀ.ਐੱਮ.ਸੀ. ਵਿੱਚ ਕਦੇ ਵੀ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਬਾਗ਼ੀਆਂ ਨੂੰ ਸਿੱਧੇ ਤੌਰ ‘ਤੇ ਭਾਜਪਾ ਵਿੱਚ ਸ਼ਾਮਲ ਹੋਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਚੋਣ ਮੈਦਾਨ ਵਿੱਚ ਉਤਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ।
ਆਪਣੇ ਸੰਬੋਧਨ ਦੌਰਾਨ ਬੈਨਰਜੀ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਵੱਲੋਂ ਟੀ.ਐੱਮ.ਸੀ. ਨੂੰ ਕਮਜ਼ੋਰ ਕਰਨ ਲਈ ਲਗਾਤਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਵਰਕਰਾਂ ਨੇ ਰੈਲੀ ਨੂੰ ਅਸਫਲ ਕਰਨ ਲਈ ਬੀਤੀ ਰਾਤ ਸਟੇਜ ਦੀ ਭੰਨਤੋੜ ਕੀਤੀ ਅਤੇ ਪ੍ਰੋਗਰਾਮ ਦਾ ਬਿਜਲੀ ਕੁਨੈਕਸ਼ਨ ਤੱਕ ਕੱਟਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਹੌਸਲੇ ਅੱਗੇ ਵਿਰੋਧੀਆਂ ਦੀ ਕੋਈ ਚਾਲ ਕਾਮਯਾਬ ਨਹੀਂ ਹੋਈ।
ਇਸ ਰੈਲੀ ਰਾਹੀਂ ਮਮਤਾ ਬੈਨਰਜੀ ਨੇ ਆਗਾਮੀ ਸਿਆਸੀ ਲੜਾਈ ਲਈ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ।



