Punjab News: ਮਰੀਜ਼ ਬਣ ਕੇ ਆਏ ਲੁਟੇਰਿਆਂ ਨੇ ਡਾਕਟਰ ਨੂੰ ਬੰਦੀ ਬਣਾ ਕੇ ਕੀਤੀ ਲੁੱਟ-ਖੋਹ

Top Trending News ਪੰਜਾਬ

 

Punjab News: ਮਰੀਜ਼ ਬਣ ਕੇ ਆਏ ਲੁਟੇਰਿਆਂ ਨੇ ਡਾਕਟਰ ਨੂੰ ਬੰਦੀ ਬਣਾ ਕੇ ਕੀਤੀ ਲੁੱਟ-ਖੋਹ

ਰਾਏਕੋਟ 23 ਜੁਲਾਈ 2026

ਪੰਜਾਬ ਵਿੱਚ ਦਿਨੋਂ-ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਬੇਖੌਫ਼ ਹੋ ਰਹੇ ਅਪਰਾਧੀਆਂ ਦੀ ਇੱਕ ਹੋਰ ਤਾਜ਼ਾ ਮਿਸਾਲ ਰਾਏਕੋਟ ਤੋਂ ਸਾਹਮਣੇ ਆਈ ਹੈ। ਇੱਥੋਂ ਦੇ ਹੀਰਾ ਸਿੰਘ ਰੋਡ ‘ਤੇ ਸਥਿਤ ‘ਚੋਪੜਾ ਆਯੁਰਵੇਦਿਕ ਸੈਂਟਰ’ ਵਿਖੇ ਮਰੀਜ਼ ਬਣ ਕੇ ਆਏ ਹਥਿਆਰਬੰਦ ਲੁਟੇਰਿਆਂ ਨੇ ਡਾਕਟਰ ਨੂੰ ਬੰਦੀ ਬਣਾ ਕੇ ਪਿਸਤੌਲ ਦੀ ਨੋਕ ‘ਤੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਡਾਕਟਰ ਵਿਜੇ ਕੁਮਾਰ ਚੋਪੜਾ ਨੇ ਦੱਸਿਆ ਕਿ ਉਹ ਸਵੇਰੇ ਲਗਭਗ 7 ਵਜੇ ਆਪਣੇ ਕਲੀਨਿਕ ‘ਤੇ ਮੌਜੂਦ ਸਨ। ਇਸੇ ਦੌਰਾਨ ਇੱਕ ਵਿਅਕਤੀ ਅੰਦਰ ਆਇਆ, ਜੋ ਬੁੱਧਵਾਰ ਨੂੰ ਵੀ ਦਵਾਈ ਲੈਣ ਸਬੰਧੀ ਆਇਆ ਸੀ, ਅਤੇ ਉਸ ਨੇ ਗੁਲੂਕੋਜ਼ ਲਗਾਉਣ ਲਈ ਕਿਹਾ। ਜਿਵੇਂ ਹੀ ਡਾਕਟਰ ਨੇ ਉਸ ਨੂੰ ਅੰਦਰ ਦਾਖ਼ਲ ਕੀਤਾ, ਉਸ ਦੇ ਪੰਜ ਹੋਰ ਸਾਥੀ ਵੀ ਅਚਾਨਕ ਹਸਪਤਾਲ ਦੇ ਅੰਦਰ ਘੁਸ ਆਏ।

ਲੁਟੇਰਿਆਂ ਨੇ ਡਾਕਟਰ ਨਾਲ ਹੱਥੋਪਾਈ ਕਰਦਿਆਂ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਮੂੰਹ ‘ਤੇ ਟੇਪ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਬਦਮਾਸ਼ ਨੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਪੈਸਿਆਂ ਦੀ ਮੰਗ ਕੀਤੀ। ਇਸ ਤੋਂ ਬਾਅਦ ਲੁਟੇਰਿਆਂ ਨੇ ਕਲੀਨਿਕ ਦੇ ਦਰਾਜ ਵਿੱਚ ਪਏ ਲਗਭਗ ਡੇਢ ਲੱਖ ਰੁਪਏ ਦੀ ਨਕਦੀ ਅਤੇ ਡਾਕਟਰ ਦਾ ਪਰਸ ਜ਼ਬਰਦਸਤੀ ਖੋਹ ਲਿਆ। ਐਨਾ ਹੀ ਨਹੀਂ, ਲੁਟੇਰੇ ਘਰ ਦੇ ਅੰਦਰ ਵੀ ਦਾਖ਼ਲ ਹੋ ਗਏ ਅਤੇ ਡਾਕਟਰ ਦੀ ਪਤਨੀ ਤੇ ਪੁੱਤਰ ਨਾਲ ਹੱਥੋਪਾਈ ਕੀਤੀ। ਵਾਰਦਾਤ ਤੋਂ ਬਾਅਦ ਲੁਟੇਰੇ ਘਬਰਾਹਟ ਵਿੱਚ ਆਪਣਾ ਮੋਟਰਸਾਈਕਲ ਮੌਕੇ ‘ਤੇ ਹੀ ਛੱਡ ਕੇ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਲੀਨਿਕ ਅਤੇ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਦੇ ਮੋਟਰਸਾਈਕਲ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਲਦ ਹੀ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।