ਡੇਂਗੂ ਤੋਂ ਬਚਾਅ ਲਈ ਪੁਲਿਸ ਸਟੇਸ਼ਨਾਂ ਵਿਚ ਚੈਕਿੰਗ
ਸਿਵਲ ਸਰਜਨ ਵਲੋਂ ਫ਼ੇਜ਼ 6 ਚੌਕੀ ਦਾ ਦੌਰਾ, ਪਾਣੀ ਇਕੱਠਾ ਨਾ ਹੋਣ ਦੇਣ ਲਈ ਕੀਤਾ ਪ੍ਰੇਰਿਤ
ਮੋਹਾਲੀ, 24 ਜੁਲਾਈ (ਦੇਸ਼ ਕਲਿੱਕ ਬਿਓਰੋ):
“ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਅੱਜ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਪੁਲਿਸ ਸਟੇਸ਼ਨਾਂ ਅਤੇ ਧਾਰਮਿਕ ਸਥਾਨਾਂ ‘ਚ ਚੈਕਿੰਗ ਕੀਤੀ ਅਤੇ ਕਿਸੇ ਵੀ ਥਾਂ ਪਾਣੀ ਇਕੱਠਾ ਨਾ ਹੋਣ ਦੇਣ ਲਈ ਅਪੀਲ ਕੀਤੀ l
ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਫ਼ੇਜ਼-6 ਵਿਖੇ ਪੁਲਿਸ ਚੌਕੀ ਦਾ ਦੌਰਾ ਕੀਤਾ ਅਤੇ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾl ਉਨ੍ਹਾਂ ਨਾਲ ਐਸ. ਐਮ. ਓ. ਡਾ. ਪਰਮਿੰਦਰਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਵੀ ਸਨ l ਉਨ੍ਹਾਂ ਨੇ ਪੂਰੀ ਟੀਮ ਨਾਲ ਚੌਂਕੀ ਦੇ ਅੰਦਰ ਅਤੇ ਆਲੇ-ਦੁਆਲੇ ਬਾਰੀਕੀ ਨਾਲ ਜਾਂਚ ਕੀਤੀ। ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਲੋੜੀਂਦੀਆਂ ਹਦਾਇਤਾਂ ਵੀ ਦਿਤੀਆਂ।
ਡਾ. ਜੈਨ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਾਫ਼-ਸਫ਼ਾਈ ਬਣਾਈ ਰੱਖਣਾ ਅਤੇ ਪਾਣੀ ਨੂੰ ਖੜ੍ਹਾ ਨਾ ਹੋਣ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਹਫ਼ਤਾਵਾਰੀ ਤੌਰ ‘ਤੇ ਡੇਂਗੂ ਲਾਰਵੇ ਦੀ ਜਾਂਚ ਕਰਨ ਲਈ ਪ੍ਰੇਰਿਤ ਕੀਤਾl ਪੁਲਿਸ ਚੌਂਕੀ ਦੀ ਖ਼ਾਲ੍ਹੀ ਜਗ੍ਹਾ ਵਿਚ ਖੜੇ ਵਾਹਨਾਂ ਕੋਲ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਵੀ ਕਰਵਾਇਆ ਗਿਆ ਤਾਕਿ ਬੀਮਾਰੀਆਂ ਪੈਦਾ ਨਾ ਹੋ ਸਕਣl ਇਸੇ ਦੌਰਾਨ ਜ਼ਿਲ੍ਹੇ ਵਿਚ ਵੱਖ ਵੱਖ ਥਾਈਂ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਅਗਵਾਈ ਹੇਠ ਸਿਹਤ ਟੀਮਾਂ ਵਲੋਂ ਨਿਰੀਖਣ ਕੀਤਾ ਗਿਆ l



