- ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਬਾਲ ਲੇਖਕਾਂ ਦੀਆਂ ਰਚਨਾਵਾਂ ਲਈ ਵਿਸ਼ੇਸ਼ ਸੱਦਾ
- 18 ਸਾਲ ਤੋਂ ਘੱਟ ਉਮਰ ਦੇ ਬਾਲ ਲੇਖਕਾਂ ਲਈ ਸੁਨਹਿਰੀ ਮੌਕਾ
- ਪੰਜਾਬ ਭਵਨ ਸਰੀ ਵੱਲੋਂ ਬਾਲ ਲੇਖਕਾਂ ਨੂੰ ਸਾਹਿਤਕ ਮੰਚ ਪ੍ਰਦਾਨ ਕਰਨ ਲਈ ਵਿਸ਼ੇਸ਼ ਮੁਹਿੰਮ।
ਫਾਜ਼ਿਲਕਾ, 24 ਜੁਲਾਈ ਦੇਸ਼ ਕਲਿੱਕ ਬਿਊਰੋ) : ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਪੰਜਾਬ ਭਰ ਦੇ 18 ਸਾਲ ਤੋਂ ਘੱਟ ਉਮਰ ਦੇ ਬਾਲ ਲੇਖਕਾਂ ਦੀਆਂ ਅਪ੍ਰਕਾਸ਼ਿਤ ਰਚਨਾਵਾਂ ਇਕੱਤਰ ਕਰਕੇ ਉਨ੍ਹਾਂ ਨੂੰ ਸਾਹਿਤਕ ਮੰਚ ਪ੍ਰਦਾਨ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਫਾਜ਼ਿਲਕਾ ਟੀਮ ਵੱਲੋਂ ਸਮੂਹ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਮੁਖੀਆਂ, ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਵਿਦਿਆਰਥੀ ਆਪਣੀਆਂ ਮੌਲਿਕ ਰਚਨਾਵਾਂ 03 ਅਗਸਤ 2026 ਤੱਕ ਭੇਜ ਸਕਦੇ ਹਨ।
ਮਨੀਸ਼ ਕੁਮਾਰ (ਮੁੱਖ ਸੰਪਾਦਕ) ਨੇ ਕਿਹਾ ਕਿ ਪੰਜਾਬ ਭਵਨ ਸਰੀ ਵੱਲੋਂ ਸ਼ੁਰੂ ਕੀਤੀ ਇਹ ਮੁਹਿੰਮ ਬੱਚਿਆਂ ਦੀ ਸਾਹਿਤਕ ਪ੍ਰਤਿਭਾ ਨੂੰ ਨਵੀਂ ਪਹਿਚਾਣ ਦੇਣ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਹਰ ਸਕੂਲ ਤੱਕ ਇਸ ਮੁਹਿੰਮ ਨੂੰ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਪ੍ਰਤਿਭਾਸ਼ਾਲੀ ਬੱਚਾ ਇਸ ਮੌਕੇ ਤੋਂ ਵਾਂਝਾ ਨਾ ਰਹੇ।
ਸੋਨੀਆ ਬਜਾਜ (ਜ਼ਿਲ੍ਹਾ ਸਰਪ੍ਰਸਤ) ਨੇ ਕਿਹਾ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਸਾਹਿਤ ਅਤੇ ਪੰਜਾਬੀ ਭਾਸ਼ਾ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਰਚਨਾਤਮਕ ਲਿਖਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀਆਂ ਮੌਲਿਕ ਰਚਨਾਵਾਂ ਇਸ ਮੁਹਿੰਮ ਲਈ ਭੇਜਣ।
ਸੁਨੀਤਾ ਕੰਬੋਜ (ਜ਼ਿਲ੍ਹਾ ਪ੍ਰਧਾਨ) ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਇਸ ਮੁਹਿੰਮ ਨੂੰ ਪਿੰਡ-ਪਿੰਡ ਅਤੇ ਸਕੂਲ-ਸਕੂਲ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਲਿਖਣ ਕਲਾ ਨੂੰ ਵੀ ਨਿਖਾਰੇਗਾ।
ਸਿਮਲਜੀਤ ਸਿੰਘ (ਜ਼ਿਲ੍ਹਾ ਮੀਡੀਆ ਕੋਆਰਡੀਨੇਟਰ) ਨੇ ਦੱਸਿਆ ਕਿ ਪੰਜਾਬ ਭਵਨ ਸਰੀ ਵੱਲੋਂ ਕਵਿਤਾ, ਕਹਾਣੀ, ਲੇਖ, ਗੀਤ ਅਤੇ ਹੋਰ ਸਾਹਿਤਕ ਵਿਧਾਵਾਂ ਵਿੱਚ ਰਚਨਾਵਾਂ ਮੰਗੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਕੂਲ ਇਸ ਸਬੰਧੀ ਜਾਣਕਾਰੀ ਵਿਦਿਆਰਥੀਆਂ ਤੱਕ ਪਹੁੰਚਾਉਣ ਅਤੇ ਸਮੇਂ ਸਿਰ ਰਚਨਾਵਾਂ ਭੇਜਣ ਨੂੰ ਯਕੀਨੀ ਬਣਾਉਣ।
ਇਸ ਮੌਕੇ ਜ਼ਿਲ੍ਹਾ ਫਾਜ਼ਿਲਕਾ ਟੀਮ ਵੱਲੋਂ ਮੋਨੀਕਾ ਕੰਬੋਜ ਅਤੇ ਰੇਨੂ ਮੈਡਮ ਨੂੰ ਪੰਜਾਬ ਭਵਨ ਪਰਿਵਾਰ ਵਿੱਚ ਸ਼ਾਮਲ ਹੋਣ ‘ਤੇ ਜੀ ਆਇਆਂ ਆਖਦਿਆਂ ਵਿਸ਼ਵਾਸ ਪ੍ਰਗਟਾਇਆ ਗਿਆ ਕਿ ਉਹ ਵੀ ਇਸ ਸਾਹਿਤਕ ਲਹਿਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਇਸ ਮੌਕੇ ਜ਼ਿਲ੍ਹਾ ਟੀਮ ਦੇ ਮੈਂਬਰ ਨੀਤੂ ਬਾਲਾ, ਤਰਨਦੀਪ ਸਿੰਘ, ਪੁਸ਼ਪਾ ਰਾਣੀ, ਵਤਨ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਸਾਮਾ ਵੀ ਹਾਜ਼ਰ ਸਨ।



