ਪੰਜਾਬ ‘ਚ ਦਰਦਨਾਕ ਸੜਕ ਹਾਦਸਾ; ਗਰਭਵਤੀ ਔਰਤ (Pregnant woman) ਅਤੇ ਮਾਸੂਮ ਧੀ ਦੀ ਮੌਤ
ਬਟਾਲਾ, 25 ਜੁਲਾਈ 2026- ਸ਼੍ਰੀ ਹਰਿਗੋਬਿੰਦਪੁਰ ਦੇ ਪਿੰਡ ਖੋਜਕੀਪੁਰ ਨਾਲ ਸੰਬੰਧਿਤ ਇੱਕ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਆਪਣੀ ਬਿਮਾਰ ਧੀ ਦਾ ਇਲਾਜ ਕਰਵਾਉਣ ਲਈ ਚੰਡੀਗੜ੍ਹ ਜਾ ਰਹੇ ਪਰਿਵਾਰ ਦੀ ਕਾਰ ਹੁਸ਼ਿਆਰਪੁਰ ਨੇੜੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਗਰਭਵਤੀ ਮਹਿਲਾ (Pregnant woman), ਉਸ ਦੀ ਕਰੀਬ ਢਾਈ ਸਾਲ ਦੀ ਮਾਸੂਮ ਧੀ ਅਤੇ ਗਰਭ ਵਿੱਚ ਪਲ ਰਹੇ ਚਾਰ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਮਹਿਲਾ ਦਾ ਪਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਘਟਨਾ ਤੋਂ ਬਾਅਦ ਪਿੰਡ ਖੋਜਕੀਪੁਰ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰ ਕੈਪਟਨ ਸੁਰਜੀਤ ਸਿੰਘ ਨੇ ਦੱਸਿਆ ਕਿ ਸਰਵਣ ਸਿੰਘ ਆਪਣੀ ਕਰੀਬ ਪੌਣੇ ਤਿੰਨ ਸਾਲ ਦੀ ਧੀ ਆਸ਼ੀਸ਼ ਕੌਰ ਦਾ ਚੰਡੀਗੜ੍ਹ ਵਿੱਚ ਇਲਾਜ ਕਰਵਾਉਣ ਲਈ ਪਤਨੀ ਗੁਰਜੀਤ ਕੌਰ ਨਾਲ ਕਾਰ ਰਾਹੀਂ ਜਾ ਰਿਹਾ ਸੀ। ਰਸਤੇ ਦੌਰਾਨ ਹੁਸ਼ਿਆਰਪੁਰ ਨੇੜੇ ਉਨ੍ਹਾਂ ਦੀ ਕਾਰ ਅੱਗੇ ਜਾ ਰਹੇ ਇੱਕ ਟਰੱਕ ਨਾਲ ਜਾ ਟਕਰਾਈ।
ਟੱਕਰ ਇੰਨੀ ਭਿਆਨਕ ਸੀ ਕਿ ਗੁਰਜੀਤ ਕੌਰ, ਉਸ ਦੀ ਮਾਸੂਮ ਧੀ ਆਸ਼ੀਸ਼ ਕੌਰ ਅਤੇ ਗਰਭ ਵਿੱਚ ਪਲ ਰਹੇ ਚਾਰ ਮਹੀਨੇ ਦੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਸਰਵਣ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹੋਸ਼ਿਆਰਪੁਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਦਰਦਨਾਕ ਹਾਦਸੇ ਦੀ ਖ਼ਬਰ ਜਿਵੇਂ ਹੀ ਪਿੰਡ ਖੋਜਕੀਪੁਰ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਮਾਤਮ ਛਾ ਗਿਆ।
ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਰਿਸ਼ਤੇਦਾਰ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਸਥਾਨਕ ਲੋਕਾਂ ਨੇ ਇਸ ਹਾਦਸੇ ਨੂੰ ਬੇਹੱਦ ਦੁਖਦਾਈ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਅਤੇ ਜ਼ਖ਼ਮੀ ਸਰਵਣ ਸਿੰਘ ਦੇ ਇਲਾਜ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।



