ਸੰਨੀ ਦਿਓਲ ਦੀ ਫ਼ਿਲਮ ‘ਬਟਵਾਰਾ 1947’ ਨੂੰ ਮਿਲਿਆ ਸੈਂਸਰ ਸਰਟੀਫਿਕੇਟ, 14 ਅਗਸਤ ਨੂੰ ਹੋਵੇਗੀ ਰਿਲੀਜ਼

Top Trending News ਰਾਸ਼ਟਰੀ

 

ਸੰਨੀ ਦਿਓਲ ਦੀ ਫ਼ਿਲਮ ‘ਬਟਵਾਰਾ 1947’ ਨੂੰ ਮਿਲਿਆ ਸੈਂਸਰ ਸਰਟੀਫਿਕੇਟ, 14 ਅਗਸਤ ਨੂੰ ਹੋਵੇਗੀ ਰਿਲੀਜ਼

ਮੁੰਬਈ 26 ਜੁਲਾਈ 2026

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੰਨੀ ਦਿਓਲ ਦੀ ਆਉਣ ਵਾਲੀ ਬਹੁਤ ਚਰਚਿਤ ਇਤਿਹਾਸਕ ਫ਼ਿਲਮ ‘ਬਟਵਾਰਾ 1947’ ਨੂੰ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ (ਸੀ.ਬੀ.ਐੱਫ.ਸੀ.) ਵੱਲੋਂ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਸੈਂਸਰ ਬੋਰਡ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਇਹ ਫ਼ਿਲਮ ਤੈਅ ਸਮੇਂ ਮੁਤਾਬਕ ਅਗਲੇ ਮਹੀਨੇ 14 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਕ ਹੇਠ ਬਣੀ ਇਹ ਫ਼ਿਲਮ ਦੇਸ਼ ਦੀ ਵੰਡ ਦੇ ਦਰਦ ਅਤੇ ਸੰਤਾਪ ਨੂੰ ਪਰਦੇ ‘ਤੇ ਉਜਾਗਰ ਕਰੇਗੀ। ਇਹ ਮਸ਼ਹੂਰ ਨਾਟਕਕਾਰ ਅਸਗਰ ਵਜਾਹਤ ਦੇ ਪ੍ਰਸਿੱਧ ਨਾਟਕ ‘ਜਿਸ ਲਾਹੌਰ ਨਈ ਵੇਖਿਆ, ਓ ਜੰਮਿਆ ਈ ਨਈ’ ਉੱਤੇ ਆਧਾਰਿਤ ਹੈ। ਫ਼ਿਲਮ ਦੀ ਕਹਾਣੀ ਇੱਕ ਸ਼ਰਨਾਰਥੀ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਦੇਸ਼ ਦੀ ਵੰਡ ਸਮੇਂ ਲਾਹੌਰ ਜਾਂਦਾ ਹੈ ਅਤੇ ਉੱਥੇ ਇੱਕ ਹਿੰਦੂ ਪਰਿਵਾਰ ਵੱਲੋਂ ਛੱਡੇ ਗਏ ਘਰ ਉੱਤੇ ਕਬਜ਼ਾ ਕਰ ਲੈਂਦਾ ਹੈ। ਕਹਾਣੀ ਦਾ ਮੁੱਖ ਮੋੜ ਉਸ ਸਮੇਂ ਆਉਂਦਾ ਹੈ ਜਦੋਂ ਘਰ ਦੀ ਇੱਕ ਬਜ਼ੁਰਗ ਹਿੰਦੂ ਔਰਤ ਉਸ ਘਰ ਨੂੰ ਛੱਡਣ ਤੋਂ ਸਾਫ਼ ਇਨਕਾਰ ਕਰ ਦਿੰਦੀ ਹੈ।

ਇਸ ਫ਼ਿਲਮ ਵਿੱਚ ਸੰਨੀ ਦਿਓਲ ਨੇ ਮੁੱਖ ਭੂਮਿਕਾ ਨਿਭਾਈ ਹੈ, ਜਦਕਿ ਘਰ ਨਾ ਛੱਡਣ ਦੀ ਜ਼ਿੱਦ ਕਰਨ ਵਾਲੀ ਬਜ਼ੁਰਗ ਮਹਿਲਾ ਦੇ ਕਿਰਦਾਰ ਵਿੱਚ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨਜ਼ਰ ਆਵੇਗੀ। ਫ਼ਿਲਮ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਰਿਲੀਜ਼ ਮਿਤੀ ਦਾ ਐਲਾਨ ਕਰਦਿਆਂ ‘ਬਟਵਾਰਾ 1947’ ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ, ਇਸ “ਸੁਤੰਤਰਤਾ ਦਿਵਸ ’ਤੇ 14/15 ਅਗਸਤ ਨੂੰ ਸਿਨੇਮਾ ਘਰਾਂ ’ਚ ਫਿਲਮ ਦੇਖੋ।’’

ਆਮਿਰ ਖ਼ਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਸੰਨੀ ਦਿਓਲ ਅਤੇ ਸ਼ਬਾਨਾ ਆਜ਼ਮੀ ਤੋਂ ਇਲਾਵਾ ਪ੍ਰੀਟੀ ਜ਼ਿੰਟਾ, ਕਰਨ ਦਿਓਲ, ਅਲੀ ਫਜ਼ਲ, ਅਭਿਮੰਨਿਊ ਸਿੰਘ, ਖੁਸ਼ੀ ਹਜ਼ਾਰੇ ਅਤੇ ਕਨਿਕਾ ਕਪੂਰ ਵਰਗੇ ਨਾਮਵਰ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ। ਫ਼ਿਲਮ ਦਾ ਸੰਗੀਤ ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੇ ਤਿਆਰ ਕੀਤਾ ਹੈ, ਜਦਕਿ ਗੀਤਾਂ ਦੇ ਬੋਲ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਲਿਖੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।