Punjab News: ਸ਼ਰਾਬ ਨੇ ਯਾਰੀ ‘ਚ ਪਾਈ ਫਿੱਕ; ਦੋਸਤ ਵੱਲੋਂ ਦੋਸਤ ਦਾ ਕਤਲ
ਸੁਨਾਮ 12 ਅਗਸਤ 2026
ਵਿਧਾਨ ਸਭਾ ਹਲਕਾ ਸੁਨਾਮ ਦੇ ਅਧੀਨ ਪੈਂਦੇ ਪਿੰਡ ਭਰੂਰ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਆਪਸੀ ਤਕਰਾਰ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਆਪਣੇ ਹੀ ਗੂੜ੍ਹੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ (65) ਪੁੱਤਰ ਜਾਗਰ ਸਿੰਘ, ਵਾਸੀ ਪਿੰਡ ਭਰੂਰ ਵਜੋਂ ਹੋਈ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਸ਼ਹਿਰੀ ਸੁਨਾਮ ਦੇ ਐੱਸ.ਐੱਚ.ਓ. ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਮ੍ਰਿਤਕ ਕੁਲਵੰਤ ਸਿੰਘ ਅਤੇ ਦੋਸ਼ੀ ਰਣਜੀਤ ਸਿੰਘ ਵਿਚਕਾਰ ਆਪਸੀ ਗੂੜ੍ਹੀ ਦੋਸਤੀ ਸੀ। ਲੰਘੀ ਰਾਤ ਦੋਵੇਂ ਦੋਸਤ ਖੇਤਾਂ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਹਾ-ਸੁਣੀ ਹੋ ਗਈ।
ਦੇਖਦੇ ਹੀ ਦੇਖਦੇ ਇਹ ਤਕਰਾਰ ਇੰਨੀ ਵੱਧ ਗਈ ਕਿ ਰਣਜੀਤ ਸਿੰਘ ਨੇ ਗੁੱਸੇ ਵਿੱਚ ਆ ਕੇ ਕੁਲਵੰਤ ਸਿੰਘ ’ਤੇ ਲੋਹੇ ਦੀ ਰਾਡ ਨਾਲ ਤਾਬੜਤੋੜ ਵਾਰ ਕਰ ਦਿੱਤੇ। ਇਸ ਹਮਲੇ ਵਿੱਚ ਕੁਲਵੰਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਵਿਖੇ ਲਿਜਾਇਆ ਗਿਆ।
ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ ਬਿਹਤਰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ, ਪਰ ਬਦਕਿਸਮਤੀ ਨਾਲ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਕੁਲਵੰਤ ਸਿੰਘ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦਾ ਸੰਗਿਆਨ ਲੈਂਦਿਆਂ ਪੁਲਿਸ ਨੇ ਦੋਸ਼ੀ ਰਣਜੀਤ ਸਿੰਘ ਵਾਸੀ ਭਰੂਰ ਵਿਰੁੱਧ ਭਾਰਤੀ ਨਿਆਇ ਸੰਹਿਤਾ (BNS) ਦੀ ਧਾਰਾ 103(1) ਤਹਿਤ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਫਰਾਰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।



