ਸਪੈਸ਼ਲ ਸਟੋਰੀ: ਅਵਾਰਾ ਕੁੱਤਿਆਂ ਨੇ ਵਧਾਈ ਲੋਕਾਂ ਦੀ ਚਿੰਤਾ! ਸੜਕੀ ਹਾਦਸਿਆਂ ਅਤੇ ਕੁੱਤਿਆਂ ਦੇ ਵੱਢਣ ਦੇ ਮਾਮਲੇ ਵਧੇ
ਚੰਡੀਗੜ੍ਹ, 12 ਅਗਸਤ 2026
ਪੰਜਾਬ ਦੇ ਤਕਰੀਬਨ ਹਰ ਸ਼ਹਿਰ, ਗਲੀ, ਮੁਹੱਲੇ, ਕਸਬੇ ਅਤੇ ਪਿੰਡਾਂ ਦੀਆਂ ਗਲੀਆਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਕਈ ਥਾਵਾਂ ’ਤੇ ਅਵਾਰਾ ਕੁੱਤਿਆਂ ਦੀਆਂ ਡਾਰਾਂ ਦਿਨ-ਰਾਤ ਘੁੰਮਦੀਆਂ ਨਜ਼ਰ ਆਉਂਦੀਆਂ ਹਨ। ਇਸ ਕਾਰਨ ਰਾਹਗੀਰਾਂ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਦੋਪਹੀਆ ਵਾਹਨ ਚਾਲਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਕੁੱਤੇ ਅਕਸਰ ਦੋਪਹੀਆ ਵਾਹਨਾਂ ਦੇ ਪਿੱਛੇ ਭੱਜਦੇ ਹਨ, ਜਿਸ ਕਾਰਨ ਚਾਲਕ ਆਪਣਾ ਸੰਤੁਲਨ ਗੁਆ ਬੈਠਦੇ ਹਨ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਰਾਤ ਸਮੇਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਕਈ ਇਲਾਕਿਆਂ ਵਿੱਚ ਕੁੱਤਿਆਂ ਦੇ ਝੁੰਡਾਂ ਵੱਲੋਂ ਰਾਹਗੀਰਾਂ ਨੂੰ ਘੇਰਨ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ।
ਇਸ ਤੋਂ ਇਲਾਵਾ ਅਵਾਰਾ ਕੁੱਤਿਆਂ ਵੱਲੋਂ ਸੜਕਾਂ ਅਤੇ ਗਲੀਆਂ ਵਿੱਚ ਫੈਲਾਈ ਜਾਂਦੀ ਗੰਦਗੀ ਵੀ ਸਫ਼ਾਈ ਪ੍ਰਬੰਧਾਂ ਲਈ ਚੁਣੌਤੀ ਬਣ ਰਹੀ ਹੈ। ਕੂੜੇ ਦੇ ਢੇਰਾਂ ਦੇ ਆਲੇ-ਦੁਆਲੇ ਕੁੱਤਿਆਂ ਦੀ ਮੌਜੂਦਗੀ ਕਾਰਨ ਗੰਦਗੀ ਫੈਲਦੀ ਹੈ ਅਤੇ ਸਵੱਛਤਾ ਮੁਹਿੰਮ ’ਤੇ ਵੀ ਮਾੜਾ ਅਸਰ ਪੈਂਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਕੂੜੇ ਦੀ ਸਹੀ ਸੰਭਾਲ ਨਾ ਹੋਣ ਕਾਰਨ ਵੀ ਕੁੱਤਿਆਂ ਦੀ ਗਿਣਤੀ ਵਾਲੇ ਇਲਾਕਿਆਂ ਵਿੱਚ ਸਮੱਸਿਆ ਵਧ ਰਹੀ ਹੈ।
ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਕੁੱਤਿਆਂ ਦੇ ਵੱਢਣ ਦੇ ਮਾਮਲੇ ਹਨ। ਲੋਕਾਂ ਮੁਤਾਬਕ ਵੱਖ-ਵੱਖ ਇਲਾਕਿਆਂ ਵਿੱਚ ਅਜਿਹੀਆਂ ਘਟਨਾਵਾਂ ਵਾਰ-ਵਾਰ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਇਕੱਲੇ ਬਾਹਰ ਭੇਜਣ ਤੋਂ ਵੀ ਡਰਦੇ ਹਨ।
ਸਮਾਜ ਸੇਵੀ ਸ਼ਖਸੀਅਤਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਸਖ਼ਤ ਹਦਾਇਤਾਂ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਹੱਲ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਥਾਨਕ ਸੰਸਥਾਵਾਂ ਨੂੰ ਪਸ਼ੂ ਭਲਾਈ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕੁੱਤਿਆਂ ਦੀ ਨਸਬੰਦੀ, ਟੀਕਾਕਰਨ, ਸਹੀ ਢੰਗ ਨਾਲ ਕੂੜਾ ਪ੍ਰਬੰਧਨ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਠੋਸ ਯੋਜਨਾ ਬਣਾਉਣੀ ਚਾਹੀਦੀ ਹੈ।
ਸਮਾਜ-ਸੇਵੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੁੱਤਿਆਂ ਨਾਲ ਬੇਰਹਿਮੀ ਨਾ ਕਰਨ ਅਤੇ ਕਿਸੇ ਘਟਨਾ ਦੀ ਸੂਰਤ ਵਿੱਚ ਤੁਰੰਤ ਸਬੰਧਤ ਵਿਭਾਗ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਮਨੁੱਖੀ ਸੁਰੱਖਿਆ ਅਤੇ ਪਸ਼ੂ ਭਲਾਈ ਦੋਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਮੱਸਿਆ ਦਾ ਸਥਾਈ ਅਤੇ ਵਿਗਿਆਨਕ ਹੱਲ ਕੱਢਣਾ ਸਮੇਂ ਦੀ ਲੋੜ ਹੈ।



