BREAKING- ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਦੀ ਪਾਰਟੀ ਦਫ਼ਤਰ ‘ਚੋਂ ਮਿਲੀ ਲਾਸ਼
ਰਾਮਪੁਰਹਾਟ (ਬੀਰਭੂਮ), 16 ਅਗਸਤ, 2026:
ਪੱਛਮੀ ਬੰਗਾਲ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੀਨੀਅਰ ਨੇਤਾ ਆਸ਼ੀਸ਼ ਬੈਨਰਜੀ ਦੀ ਐਤਵਾਰ ਸਵੇਰੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਮ੍ਰਿਤਕ ਲਾਸ਼ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਕਸਬੇ ਦੇ ਹੱਟਲਾਪਾੜਾ ਇਲਾਕੇ ਸਥਿਤ ਪਾਰਟੀ ਦਫ਼ਤਰ ਵਿਚ ਲਟਕਦੀ ਮਿਲੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਢਲੀ ਜਾਣਕਾਰੀ ਅਨੁਸਾਰ ਮੌਕੇ ਤੋਂ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ। 74 ਸਾਲਾ ਆਸ਼ੀਸ਼ ਬੈਨਰਜੀ ਦਾ ਰਾਜਨੀਤਿਕ ਕਰੀਅਰ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਹੈ। ਉਹ 2001 ਤੋਂ 2026 ਤੱਕ ਲਗਾਤਾਰ ਪੰਜ ਵਾਰ ਰਾਮਪੁਰਹਾਟ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ। ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬਹੁਤ ਕਰੀਬੀ ਮੰਨੇ ਜਾਂਦੇ ਬੈਨਰਜੀ ਨੇ ਰਾਜ ਦੇ ਸਿੱਖਿਆ ਮੰਤਰੀ, ਖੇਤੀਬਾੜੀ ਮੰਤਰੀ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਸਨ।
ਹਾਲਾਂਕਿ, 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਧਰੁਵ ਸਾਹਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਤੋਂ ਬਾਅਦ ਜੂਨ 2026 ਵਿੱਚ ਉਨ੍ਹਾਂ ਨੇ ਬੀਰਭੂਮ ਜ਼ਿਲ੍ਹਾ ਟੀਐਮਸੀ ਸੰਗਠਨ ਦੀਆਂ ਕੁਝ ਮੁੱਖ ਜ਼ਿੰਮੇਵਾਰੀਆਂ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ।
ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਾਰਟੀ ਵਰਕਰ ਵੱਡੀ ਗਿਣਤੀ ਵਿੱਚ ਮੌਕੇ ‘ਤੇ ਇਕੱਠੇ ਹੋ ਗਏ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।





