ਹੁਸੈਨੀਵਾਲਾ ਵਿੱਚ 25 ਕਰੋੜ ਦੀ ਲਾਗਤ ਨਾਲ ਬਣੇਗਾ ਆਧੁਨਿਕ ਵਿਰਾਸਤੀ ਕੰਪਲੈਕਸ: ਭਗਵੰਤ ਮਾਨ
ਫ਼ਿਰੋਜ਼ਪੁਰ, 16 ਅਗਸਤ 2026
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਹੁਸੈਨੀਵਾਲਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਅਤੇ ਆਕਰਸ਼ਕ ਵਿਰਾਸਤੀ ਕੰਪਲੈਕਸ ਬਣਾਉਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕੰਪਲੈਕਸ ਦਾ ਨਿਰਮਾਣ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾਉਣ ਦੇ ਉਦੇਸ਼ ਨਾਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹੁਸੈਨੀਵਾਲਾ ਦੀ ਧਰਤੀ ਦੇਸ਼ ਭਗਤੀ, ਕੁਰਬਾਨੀ ਅਤੇ ਬਹਾਦਰੀ ਦੀ ਅਮਿੱਟ ਗਾਥਾ ਆਪਣੇ ਅੰਦਰ ਸਮੋਈ ਬੈਠੀ ਹੈ। ਇੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਯਾਦਾਂ ਦੇਸ਼ ਵਾਸੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀਆਂ ਰਹੀਆਂ ਹਨ।
ਇਸ ਪਵਿੱਤਰ ਧਰਤੀ ਨੂੰ ਹੋਰ ਸੁੰਦਰ ਅਤੇ ਸੈਲਾਨੀਆਂ ਲਈ ਆਕਰਸ਼ਕ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। CM ਮਾਨ ਨੇ ਕਿਹਾ ਕਿ ਪ੍ਰਸਤਾਵਿਤ ਵਿਰਾਸਤੀ ਕੰਪਲੈਕਸ ਵਿੱਚ ਸ਼ਹੀਦਾਂ ਦੇ ਜੀਵਨ, ਸੰਘਰਸ਼ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਜਾਵੇਗਾ।
ਇਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਅਤੇ ਸ਼ਹੀਦਾਂ ਦੀ ਵਿਚਾਰਧਾਰਾ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੰਤਵ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਨ੍ਹਾਂ ਦੀ ਕੁਰਬਾਨੀ ਦੀ ਗਾਥਾ ਪਹੁੰਚਾਉਣਾ ਹੈ।





