KBC ‘ਚ ਪੰਜਾਬ ਨਾਲ ਜੁੜੇ ਸਵਾਲ ’ਤੇ ਵਿਵਾਦ, ਸੰਗਰੂਰ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਨੋਟਿਸ

Top Trending News ਪੰਜਾਬ ਮਨੋਰੰਜਨ
  • KBC ‘ਚ ਪੰਜਾਬ ਨਾਲ ਜੁੜੇ ਸਵਾਲ ’ਤੇ ਵਿਵਾਦ, ਸੰਗਰੂਰ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਨੋਟਿਸ

ਸੰਗਰੂਰ: 22 ਨਵੰਬਰ (ਦੇਸ਼ ਕਲਿੱਕ ਬਿਊਰੋ): ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (KBC) ਵਿੱਚ ਪੰਜਾਬ ਨਾਲ ਸਬੰਧਤ ਇੱਕ ਸਵਾਲ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਭਖ ਗਿਆ ਹੈ। ਸੰਗਰੂਰ ਦੇ ਐਡਵੋਕੇਟ ਇੰਦਰਜੀਤ ਅਰੋੜਾ ਨੇ ਇਸ ਮਾਮਲੇ ਵਿੱਚ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਵਕੀਲ ਦਾ ਇਤਰਾਜ਼ ਹੈ ਕਿ ਸ਼ੋਅ ਵਿੱਚ ਪੁੱਛੇ ਗਏ ਸਵਾਲ ਰਾਹੀਂ ਪੰਜਾਬ ਨੂੰ ਅਪਰਾਧਿਕ ਗਤੀਵਿਧੀਆਂ ਨਾਲ ਜੋੜ ਕੇ ਸੂਬੇ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਐਡਵੋਕੇਟ ਅਰੋੜਾ ਮੁਤਾਬਕ, ਕੁਝ ਦਿਨ ਪਹਿਲਾਂ ਉਨ੍ਹਾਂ ਦੇ ਇੱਕ ਕਲਾਇੰਟ ਨੇ KBC ਨਾਲ ਸਬੰਧਤ ਸਕ੍ਰੀਨਸ਼ਾਟ ਅਤੇ ਵੀਡੀਓ ਦਿਖਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਨੂੰਨੀ ਨੋਟਿਸ ਭੇਜਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਗਿਆਨ ਦੇ ਨਾਂ ’ਤੇ ਪੁੱਛਿਆ ਗਿਆ ਇਹ ਸਵਾਲ ਕਿਸੇ ਤੱਥ ਦੀ ਜਾਣਕਾਰੀ ਦੇਣ ਦੀ ਬਜਾਏ ਇੱਕ ਸੂਬੇ ਨੂੰ ਬਦਨਾਮ ਕਰਨ ਵਾਲਾ ਹੈ।

ਸਵਾਲ ਵਿੱਚ ਪੰਜਾਬ ਨੂੰ ਥਾਣਿਆਂ ’ਚ ਬੰਬ ਧਮਾਕਿਆਂ ਨਾਲ ਜੋੜਿਆ
ਵਾਇਰਲ ਹੋ ਰਹੀ ਕਰੀਬ ਦੋ ਮਿੰਟ ਦੀ ਵੀਡੀਓ ਵਿੱਚ ਅਮਿਤਾਭ ਬੱਚਨ ਇੱਕ ਪ੍ਰਤੀਯੋਗੀ ਨੂੰ 12.50 ਲੱਖ ਰੁਪਏ ਲਈ 12ਵਾਂ ਸਵਾਲ ਪੁੱਛਦੇ ਦਿਖਾਈ ਦਿੰਦੇ ਹਨ। ਸਵਾਲ ਵਿੱਚ ਪੁੱਛਿਆ ਗਿਆ ਸੀ ਕਿ ਹਾਲ ਹੀ ਵਿੱਚ ਕਿਹੜੇ ਸੂਬੇ ਵਿੱਚ ਅਪਰਾਧੀ ਪੁਲਿਸ ਥਾਣਿਆਂ ਵਿੱਚ ਬੰਬ ਧਮਾਕੇ ਕਰਨ ਤੋਂ ਨਹੀਂ ਡਰ ਰਹੇ। ਵਿਕਲਪਾਂ ਵਿੱਚ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਪੰਜਾਬ ਦੇ ਨਾਂ ਦਿੱਤੇ ਗਏ ਸਨ। ਵੀਡੀਓ ਮੁਤਾਬਕ, ਪ੍ਰਤੀਯੋਗੀ ਵੱਲੋਂ 50:50 ਲਾਈਫਲਾਈਨ ਲੈਣ ਤੋਂ ਬਾਅਦ ਦੋ ਵਿਕਲਪ ਹਟਾਏ ਜਾਂਦੇ ਹਨ ਅਤੇ ਅਮਿਤਾਭ ਬੱਚਨ ਪੰਜਾਬ ਨੂੰ ਸਹੀ ਜਵਾਬ ਦੱਸਦੇ ਸੁਣਾਈ ਦਿੰਦੇ ਹਨ।

ਵਕੀਲ ਨੇ ਮੰਗੀ ਬਿਨਾਂ ਸ਼ਰਤ ਮੁਆਫ਼ੀ
ਐਡਵੋਕੇਟ ਇੰਦਰਜੀਤ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਨੋਟਿਸ ਰਾਹੀਂ ਸਬੰਧਤ ਵੀਡੀਓ ਹਟਾਉਣ ਅਤੇ ਪੰਜਾਬ ਦੇ ਲੋਕਾਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਮੁਤਾਬਕ, ਚੋਣਾਂ ਦੇ ਮਾਹੌਲ ਵਿੱਚ ਕਿਸੇ ਸੂਬੇ ਨੂੰ ਅਪਰਾਧਿਕ ਸਰਗਰਮੀਆਂ ਨਾਲ ਜੋੜ ਕੇ ਪੇਸ਼ ਕਰਨਾ ਠੀਕ ਨਹੀਂ ਹੈ। ਵਕੀਲ ਨੇ ਇਹ ਵੀ ਕਿਹਾ ਕਿ ਜੇਕਰ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀ ਗਈ ਹੈ ਤਾਂ ਜਾਂਚ ਤੋਂ ਬਾਅਦ ਇਸ ਨੂੰ ਬਣਾਉਣ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੀਡੀਓ ਦੀ ਅਸਲੀਅਤ ਬਾਰੇ ਸਬੰਧਤ ਧਿਰਾਂ ਦੇ ਜਵਾਬ ਤੋਂ ਸਥਿਤੀ ਸਪੱਸ਼ਟ ਹੋ ਸਕੇਗੀ।

ਅਸਲ ਐਪੀਸੋਡ ਨਾਲ ਵੀਡੀਓ ਦੀ ਤੁਲਨਾ ’ਤੇ ਉੱਠੇ ਸਵਾਲ
ਇਸ ਵਿਵਾਦ ਵਿਚਕਾਰ ਸੋਸ਼ਲ ਮੀਡੀਆ ’ਤੇ ਇੱਕ ਹੋਰ ਦਾਅਵਾ ਸਾਹਮਣੇ ਆਇਆ ਹੈ। ਇਸ ਮੁਤਾਬਕ, KBC ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਕਰੀਬ ਤਿੰਨ ਸਾਲ ਪੁਰਾਣੇ ਇੱਕ ਐਪੀਸੋਡ ਵਿੱਚ ਡਾ. ਸੁਮਿਤ ਸੇਨ ਨਾਮਕ ਪ੍ਰਤੀਯੋਗੀ ਨਜ਼ਰ ਆਉਂਦੇ ਹਨ। ਉਸ ਐਪੀਸੋਡ ਵਿੱਚ ਵੀ ਅਮਿਤਾਭ ਬੱਚਨ ਅਤੇ ਪ੍ਰਤੀਯੋਗੀ ਦੇ ਕੱਪੜੇ ਵਾਇਰਲ ਵੀਡੀਓ ਵਾਲੇ ਹੀ ਦੱਸੇ ਜਾ ਰਹੇ ਹਨ। ਦਾਅਵੇ ਅਨੁਸਾਰ, ਅਸਲ ਐਪੀਸੋਡ ਵਿੱਚ 12ਵਾਂ ਸਵਾਲ ਹੰਗਰੀ ਦੇ ਬੁਡਾਪੈਸਟ ਵਿੱਚ ਜਨਮੇ ਇੱਕ ਕਲਾਕਾਰ ਬਾਰੇ ਸੀ, ਜਿਨ੍ਹਾਂ ਦੀ ਮਾਂ ਹੰਗਰੀ ਦੀ ਅਤੇ ਪਿਤਾ ਭਾਰਤੀ ਸਨ। ਡਾ. ਸੁਮਿਤ ਸੇਨ ਇਸ ਸਵਾਲ ਦਾ ਗਲਤ ਜਵਾਬ ਦੇ ਬੈਠੇ ਸਨ ਅਤੇ 12.50 ਲੱਖ ਦੀ ਬਜਾਏ 3.20 ਲੱਖ ਰੁਪਏ ਲੈ ਕੇ ਗਏ ਸਨ।

ਇਸ ਦੇ ਉਲਟ ਸੋਸ਼ਲ ਮੀਡੀਆ ’ਤੇ ਵਾਇਰਲ ਕਲਿੱਪ ਵਿੱਚ ਉਸੇ ਪ੍ਰਤੀਯੋਗੀ ਨੂੰ ਪੰਜਾਬ ਨਾਲ ਸਬੰਧਤ ਬੰਬ ਧਮਾਕਿਆਂ ਵਾਲਾ ਸਵਾਲ ਪੁੱਛਿਆ ਜਾਂਦਾ ਦਿਖਾਇਆ ਗਿਆ ਹੈ। ਇਸ ਕਾਰਨ ਵੀਡੀਓ ਦੀ ਪ੍ਰਮਾਣਿਕਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ, ਵੀਡੀਓ ਅਸਲੀ ਹੈ ਜਾਂ AI ਰਾਹੀਂ ਤਿਆਰ ਕੀਤੀ ਗਈ ਹੈ, ਇਸ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ।