Punjab News: ਧੂਰੀ ਨੂੰ ਖੇਡਾਂ ਦੇ ਨਵੇਂ ਕੇਂਦਰ ਵਜੋਂ ਵਿਕਸਿਤ ਕਰਨ ਦੀ ਤਿਆਰੀ, CM ਮਾਨ ਸਪੋਰਟਸ ਕੰਪਲੈਕਸ ਦਾ ਰੱਖਣਗੇ ਨੀਂਹ ਪੱਥਰ

Top Trending News ਖੇਡਾਂ ਪੰਜਾਬ

 

ਧੂਰੀ ਨੂੰ ਖੇਡਾਂ ਦੇ ਨਵੇਂ ਕੇਂਦਰ ਵਜੋਂ ਵਿਕਸਿਤ ਕਰਨ ਦੀ ਤਿਆਰੀ, CM ਮਾਨ ਅੱਜ ਸਪੋਰਟਸ ਕੰਪਲੈਕਸ ਦਾ ਰੱਖਣਗੇ ਨੀਂਹ ਪੱਥਰ

ਸੰਗਰੂਰ, 22 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੰਗਰੂਰ ਜ਼ਿਲ੍ਹੇ ਦੇ ਦੌਰੇ ਦੌਰਾਨ ਧੂਰੀ ਹਲਕੇ ਦੇ ਪਿੰਡ ਜਹਾਂਗੀਰ-ਕਹੇਰੂ ਵਿਖੇ ਖੇਡ ਸਹੂਲਤਾਂ ਨੂੰ ਵੱਡਾ ਹੁਲਾਰਾ ਦੇਣਗੇ। ਇਸ ਮੌਕੇ ਉਹ 39.20 ਕਰੋੜ ਰੁਪਏ ਦੀ ਲਾਗਤ ਨਾਲ 10 ਏਕੜ ਰਕਬੇ ਵਿੱਚ ਬਣਨ ਵਾਲੇ ਆਧੁਨਿਕ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਰੱਖਣਗੇ ਅਤੇ 8 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਾਕੀ ਐਸਟ੍ਰੋਟਰਫ ਦਾ ਉਦਘਾਟਨ ਕਰਨਗੇ।

ਇਸ ਖੇਡ ਪ੍ਰਾਜੈਕਟ ਤਹਿਤ ਇਲਾਕੇ ਦੇ ਨੌਜਵਾਨਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਖੇਡਾਂ ਲਈ ਤਿਆਰ ਕਰਨ ਵਾਸਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ 9 ਕਰੋੜ ਰੁਪਏ ਦੀ ਲਾਗਤ ਨਾਲ ਇਨਡੋਰ ਸਪੋਰਟਸ ਹਾਲ ਦਾ ਨਿਰਮਾਣ ਵੀ ਜਾਰੀ ਹੈ।

ਇਸ ਹਾਲ ਵਿੱਚ ਬੈਡਮਿੰਟਨ, ਬਾਸਕਟਬਾਲ, ਵਾਲੀਬਾਲ, ਕੁਸ਼ਤੀ, ਜੂਡੋ, ਜਿਮਨਾਸਟਿਕ, ਹੈਂਡਬਾਲ, ਨੈੱਟਬਾਲ ਅਤੇ ਸਕੁਐਸ਼ ਸਮੇਤ 11 ਖੇਡਾਂ ਲਈ ਸਹੂਲਤਾਂ ਉਪਲਬਧ ਹੋਣਗੀਆਂ।

ਇਸੇ ਪ੍ਰਾਜੈਕਟ ਤਹਿਤ 5 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਵੀਮਿੰਗ ਪੂਲ ਬਣਾਇਆ ਜਾ ਰਿਹਾ ਹੈ, ਜਦਕਿ 5.20 ਕਰੋੜ ਰੁਪਏ ਖਰਚ ਕੇ 9 ਹੋਰ ਖੇਡ ਮੈਦਾਨ ਵੀ ਤਿਆਰ ਕੀਤੇ ਜਾਣਗੇ। ਇਨ੍ਹਾਂ ਪ੍ਰਾਜੈਕਟਾਂ ਨਾਲ ਧੂਰੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਬਿਹਤਰ ਮੌਕੇ ਦੇਣ ਦੀ ਉਮੀਦ ਹੈ।