ਕੁਦਰਤ ਦਾ ਕਹਿਰ! ਲੈਂਡਸਲਾਈਡ ਤੇ ਹੜ੍ਹਾਂ ਕਾਰਨ 4 ਲੋਕਾਂ ਦੀ ਮੌਤ, ਫੌਜ ਦੇ 5 ਜਵਾਨ ਲਾਪਤਾ

Top Trending News ਰਾਸ਼ਟਰੀ

 

ਕੁਦਰਤ ਦਾ ਕਹਿਰ! ਲੈਂਡਸਲਾਈਡ ਤੇ ਹੜ੍ਹਾਂ ਕਾਰਨ 4 ਲੋਕਾਂ ਦੀ ਮੌਤ, ਫੌਜ ਦੇ 5 ਜਵਾਨ ਲਾਪਤਾ

ਇਟਾਨਗਰ, 16 ਅਗਸਤ 2026

ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ (ਲੈਂਡਸਲਾਈਡ) ਕਾਰਨ ਭਾਰੀ ਤਬਾਹੀ ਮਚੀ ਹੈ। ਇਨ੍ਹਾਂ ਵੱਖ-ਵੱਖ ਹਾਦਸਿਆਂ ਵਿੱਚ ਚਾਰ ਲੋਕਾਂ ਦੀ ਦੁਖਦਾਈ ਮੌਤ ਹੋ ਗਈ ਹੈ, ਜਦੋਂ ਕਿ ਫੌਜ ਦੇ ਪੰਜ ਜਵਾਨ ਲਾਪਤਾ ਦੱਸੇ ਜਾ ਰਹੇ ਹਨ।

ਸਟੇਟ ਇਮਰਜੈਂਸੀ ਆਪ੍ਰੇਸ਼ਨਜ਼ ਸੈਂਟਰ ਤੋਂ ਮਿਲੀ ਜਾਣਕਾਰੀ ਅਨੁਸਾਰ, ਅਧਿਕਾਰੀਆਂ ਨੇ ਦੱਸਿਆ ਕਿ ਦਿਬਾਂਗ ਵੈਲੀ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਕਾਰਨ ਅਚਾਨਕ ਆਏ ਹੜ੍ਹ ਦੇ ਤੇਜ਼ ਬਹਾਅ ਵਿੱਚ ਭਾਰਤੀ ਫੌਜ ਦੇ ਦੋ ਸ਼ੈਲਟਰ ਵਹਿ ਗਏ, ਜਿਸ ਕਾਰਨ ਓਥੇ ਤਾਇਨਾਤ ਪੰਜ ਜਵਾਨ ਲਾਪਤਾ ਹੋ ਗਏ। ਲਾਪਤਾ ਜਵਾਨਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ।

ਦੂਜੇ ਪਾਸੇ, ਸੂਬੇ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ ਵਿੱਚ ਸੜਕ ਨਿਰਮਾਣ ਵਾਲੀ ਜਗ੍ਹਾ ‘ਤੇ ਇੱਕ ਵੱਡਾ ਲੈਂਡਸਲਾਈਡ ਹੋਇਆ। ਪਹਾੜ ਦਾ ਵੱਡਾ ਹਿੱਸਾ ਡਿੱਗਣ ਕਾਰਨ ਕੰਮ ਕਰ ਰਹੇ ਕਈ ਮਜ਼ਦੂਰ ਅਤੇ ਲੋਕ ਮਲਬੇ ਹੇਠਾਂ ਦੱਬ ਗਏ। ਹਾਦਸੇ ਤੋਂ ਬਾਅਦ ਚਲਾਏ ਗਏ ਬਚਾਅ ਕਾਰਜ ਦੌਰਾਨ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਮ੍ਰਿਤਕਾਂ ਦੀ ਪਛਾਣ ਟਾਡੂ ਬਾਕੀ, ਤਾਜੀ ਰਾਏ, ਮਾਰਕੋਸ਼ ਬਸੁਮਤਾਰੀ ਅਤੇ ਬਾਬੁਲ ਅਲੀ ਵਜੋਂ ਹੋਈ ਹੈ। ਪ੍ਰਸ਼ਾਸਨ ਵਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ ਅਤੇ ਸਥਾਨਕ ਲੋਕਾਂ ਨੂੰ ਖਰਾਬ ਮੌਸਮ ਦੇ ਚਲਦਿਆਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।