ਦੁਖਦਾਈ ਖ਼ਬਰ: ਡਿਊਟੀ ਦੌਰਾਨ ਪੰਜਾਬ ਦੇ ਅਗਨੀਵੀਰ ਦੀ ਮੌਤ, ਕਾਹਨੇਕੇ ਪਿੰਡ ‘ਚ ਛਾਇਆ ਮਾਤਮ

Top Trending News ਪੰਜਾਬ

 

ਦੁਖਦਾਈ ਖ਼ਬਰ: ਡਿਊਟੀ ਦੌਰਾਨ ਪੰਜਾਬ ਦੇ ਅਗਨੀਵੀਰ ਦੀ ਮੌਤ, ਕਾਹਨੇਕੇ ਪਿੰਡ ‘ਚ ਛਾਇਆ ਮਾਤਮ

ਭਦੌੜ, 16 ਅਗਸਤ 2026

ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਕਾਹਨੇਕੇ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਗਰੀਬ ਪਰਿਵਾਰ ਨਾਲ ਸਬੰਧਤ 23 ਸਾਲਾ ਅਗਨੀਵੀਰ ਜਵਾਨ ਕੁਲਵਿੰਦਰ ਸਿੰਘ ਦੀ ਫਿਰੋਜ਼ਪੁਰ ਵਿਖੇ ਡਿਊਟੀ ਦੌਰਾਨ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਕਰੀਬ ਤਿੰਨ ਸਾਲ ਪਹਿਲਾਂ ਭਾਰਤੀ ਫੌਜ ਦੀ 113 ਇੰਜੀਨੀਅਰ ਇਕਾਈ ਵਿੱਚ ਭਰਤੀ ਹੋਏ ਕੁਲਵਿੰਦਰ ਸਿੰਘ ਦਾ ਸੁਪਨਾ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੇ ਨਾਲ-ਨਾਲ ਦੇਸ਼ ਦੀ ਸੇਵਾ ਕਰਨਾ ਸੀ।

ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਪੇਟ ਕੇ ਜੱਦੀ ਪਿੰਡ ਕਾਹਨੇਕੇ ਲਿਆਂਦੀ ਗਈ। ਲੈਫਟੀਨੈਂਟ ਸ਼ਿਵ ਲੋਚਨ ਦੀ ਅਗਵਾਈ ਹੇਠ ਫੌਜੀ ਦਸਤੇ ਨੇ ਪੂਰੇ ਸੈਨਿਕ ਸਨਮਾਨ ਨਾਲ ਉਨ੍ਹਾਂ ਨੂੰ ਅੰਤਿਮ ਸਲਾਮੀ ਦਿੱਤੀ। ਇਸ ਉਪਰੰਤ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਕੁਲਵਿੰਦਰ ਸਿੰਘ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਅਤੇ ਉਹ ਦਿਹਾੜੀ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁੱਤਰ ਦੀ ਸਿਹਤ ਵਿਗੜਨ ਦੀ ਸੂਚਨਾ ਮਿਲਣ ਮਗਰੋਂ ਵੀ ਆਰਥਿਕ ਤੰਗੀ ਕਾਰਨ ਉਹ ਫਿਰੋਜ਼ਪੁਰ ਜਾਣ ਲਈ ਕਿਰਾਇਆ ਨਹੀਂ ਜੋੜ ਸਕੇ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਹੀ ਪਰਿਵਾਰ ਦਾ ਮੁੱਖ ਕਮਾਊ ਜੀਅ ਸੀ।

ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਆਰਥਿਕ ਸਹਾਇਤਾ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਵੀ ਸਰਕਾਰ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ।