- ਰਾਹੁਲ ਗਾਂਧੀ ਸਤੰਬਰ ਦੇ ਪਹਿਲੇ ਹਫ਼ਤੇ ਆ ਸਕਦੇ ਨੇ ਪੰਜਾਬ !
ਅੰਮ੍ਰਿਤਸਰ, 24 ਅਗਸਤ (ਦੇਸ਼ ਕਲਿੱਕ ਬਿਊਰੋ): ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕਾਂਗਰਸ ਨੇ ਸੂਬੇ ਵਿੱਚ ਆਪਣੀ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਸਤੰਬਰ ਦੇ ਪਹਿਲੇ ਹਫ਼ਤੇ ਪੰਜਾਬ ਦਾ ਦੌਰਾ ਕਰ ਸਕਦੇ ਹਨ। ਹਾਲਾਂਕਿ ਅਜੇ ਦੌਰੇ ਦੀ ਅੰਤਿਮ ਤਾਰੀਖ ਤੈਅ ਨਹੀਂ ਹੋਈ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਪ੍ਰਸਤਾਵਿਤ ਦੌਰੇ ਅਤੇ ਬੱਸ ਯਾਤਰਾ ਦੀ ਰੂਪਰੇਖਾ ਬਾਰੇ ਚਰਚਾ ਕੀਤੀ। ਬਘੇਲ ਮੁਤਾਬਕ ਬੱਸ ਯਾਤਰਾ ਦੀ ਯੋਜਨਾ ਤਿਆਰ ਕਰਨ ਲਈ ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਯਾਤਰਾ ਦਾ ਸ਼ਡਿਊਲ ਤੈਅ ਕੀਤਾ ਜਾਵੇਗਾ।
ਸੂਤਰਾਂ ਮੁਤਾਬਕ ਰਾਹੁਲ ਗਾਂਧੀ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕਰ ਸਕਦੇ ਹਨ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਬੱਸ ਯਾਤਰਾ ਕੱਢਣ ਦੀ ਤਿਆਰੀ ਹੈ। ਪਹਿਲੇ ਪੜਾਅ ਵਿੱਚ ਇਹ ਯਾਤਰਾ ਅੰਮ੍ਰਿਤਸਰ ਤੋਂ ਹੁਸੈਨੀਵਾਲਾ ਤੱਕ ਜਾਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਲਗਭਗ 25 ਤੋਂ 30 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਜਾ ਸਕਦਾ ਹੈ।
ਭੂਪੇਸ਼ ਬਘੇਲ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪੰਜਾਬ ਕਾਂਗਰਸ ਵਿੱਚ ਫਿਲਹਾਲ ਲੀਡਰਸ਼ਿਪ ਬਦਲਣ ਦੀ ਕੋਈ ਯੋਜਨਾ ਨਹੀਂ ਹੈ, ਪਰ ਪਾਰਟੀ ਦੇ ਸੰਗਠਨ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਬੱਸ ਯਾਤਰਾ ਨੂੰ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਗੂਆਂ ਵਿਚਾਲੇ ਇਕਜੁੱਟਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।





