‘ਮਹਾਭਾਰਤ’, ‘ਬਾਜ਼ੀਗਰ’ ਤੇ ‘ਬੌਬੀ ਜਾਸੂਸ’ ਦੀ ਅਦਾਕਾਰਾ ਆਸ਼ਾ ਸਿੰਘ ਜੈਸਵਾਲ ਦਾ ਦੇਹਾਂਤ
ਮੁੰਬਈ, 25 ਅਗਸਤ 2026: ਮਸ਼ਹੂਰ ਚਰਿੱਤਰ ਅਦਾਕਾਰਾ ਅਤੇ ਮਿਮਿਕਰੀ ਕਲਾਕਾਰ ਆਸ਼ਾ ਸਿੰਘ ਜੈਸਵਾਲ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ 22 ਅਗਸਤ ਨੂੰ ਮੁੰਬਈ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਪੁੱਤਰ ਅੱਕਾਸ਼ ਭਾਰਦਵਾਜ਼ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸਾਂਝੀ ਕੀਤੀ। ਅਦਾਕਾਰਾ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਕੀਤਾ ਗਿਆ।
ਅੱਕਾਸ਼ ਭਾਰਦਵਾਜ਼ ਨੇ ਆਪਣੀ ਪੋਸਟ ਵਿੱਚ ਮਾਂ ਨੂੰ ਮਿਹਨਤੀ ਅਤੇ ‘ਆਇਰਨ ਲੇਡੀ’ ਦੱਸਦਿਆਂ ਲੋਕਾਂ ਨੂੰ ਉਨ੍ਹਾਂ ਦੀ ਆਤਮਿਕ ਸ਼ਾਂਤੀ ਅਤੇ ਮੁਕਤੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਸ਼ਾ ਸਿੰਘ ਜੈਸਵਾਲ ਦੇ ਕੰਮ ਨੂੰ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮਾਂ ’ਤੇ ਦੇਖਣ, ਤਾਂ ਜੋ ਉਨ੍ਹਾਂ ਦੀ ਰੂਹ ਨੂੰ ਇਹ ਅਹਿਸਾਸ ਹੋ ਸਕੇ ਕਿ ਉਨ੍ਹਾਂ ਨੂੰ ਅੱਜ ਵੀ ਉਨ੍ਹਾਂ ਦੇ ਕੰਮ ਰਾਹੀਂ ਯਾਦ ਕੀਤਾ ਜਾ ਰਿਹਾ ਹੈ।
ਆਸ਼ਾ ਸਿੰਘ ਜੈਸਵਾਲ ਨੇ ਕਈ ਟੈਲੀਵਿਜ਼ਨ ਸੀਰੀਅਲਾਂ ਅਤੇ ਫ਼ਿਲਮਾਂ ਵਿੱਚ ਕੰਮ ਕੀਤਾ। ਉਹ ਪੌਰਾਣਿਕ ਟੈਲੀਵਿਜ਼ਨ ਸੀਰੀਅਲ ‘ਮਹਾਭਾਰਤ’ ਵਿੱਚ ਕ੍ਰਿਪੀ ਦੇ ਕਿਰਦਾਰ ਲਈ ਖਾਸ ਤੌਰ ’ਤੇ ਜਾਣੀ ਜਾਂਦੀ ਸੀ। ਕ੍ਰਿਪੀ ਰਿਸ਼ੀ ਕ੍ਰਿਪਾਚਾਰੀਆ ਦੀ ਜੁੜਵਾਂ ਭੈਣ ਸੀ, ਜਿਸ ਦਾ ਵਿਆਹ ਦ੍ਰੋਣਾਚਾਰੀਆ ਨਾਲ ਹੋਇਆ ਸੀ। ਉਨ੍ਹਾਂ ਨੇ ‘ਬਾਜ਼ੀਗਰ’ ਅਤੇ ‘ਬੌਬੀ ਜਾਸੂਸ’ ਸਮੇਤ ਕਈ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।





