ਪੰਜਾਬੀਓ! ਬਿਜਲੀ ਦੇ ਵੱਧ ਬਿੱਲਾਂ ਤੋਂ ਘਬਰਾਉਣ ਦੀ ਲੋੜ ਨਹੀਂ; 63 ਹਜ਼ਾਰ ਪ੍ਰਭਾਵਿਤ ਖਪਤਕਾਰਾਂ ਦੇ ਬਿੱਲ 3 ਦਿਨਾਂ ’ਚ ਹੋਣਗੇ ਦਰੁਸਤ

Top Trending News ਚੰਡੀਗੜ੍ਹ ਪੰਜਾਬ

 

ਪੰਜਾਬੀਓ! ਬਿਜਲੀ ਦੇ ਵੱਧ ਬਿੱਲਾਂ ਤੋਂ ਘਬਰਾਉਣ ਦੀ ਲੋੜ ਨਹੀਂ; 63 ਹਜ਼ਾਰ ਪ੍ਰਭਾਵਿਤ ਖਪਤਕਾਰਾਂ ਦੇ ਬਿੱਲ 3 ਦਿਨਾਂ ’ਚ ਹੋਣਗੇ ਦਰੁਸਤ

ਚੰਡੀਗੜ੍ਹ, 25 ਅਗਸਤ 2026: ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਬਿਜਲੀ ਖਪਤਕਾਰਾਂ ਨੂੰ ਆ ਰਹੀਆਂ ਬਿਲਿੰਗ ਸਬੰਧੀ ਸਮੱਸਿਆਵਾਂ ਬਾਰੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਮੀਟਰ ਰੀਡਰਾਂ ਦੀ ਹੜਤਾਲ ਅਤੇ ਬਿਲਿੰਗ ਸਾਫ਼ਟਵੇਅਰ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਪ੍ਰਭਾਵਿਤ ਹੋਏ ਖਪਤਕਾਰਾਂ ਦੇ ਬਿੱਲ ਪਹਿਲ ਦੇ ਆਧਾਰ ’ਤੇ ਦਰੁਸਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ 63 ਹਜ਼ਾਰ ਖਪਤਕਾਰਾਂ ਦੇ ਨਵੇਂ ਅਤੇ ਸਹੀ ਬਿੱਲ ਅਗਲੇ ਤਿੰਨ ਕੰਮਕਾਜੀ ਦਿਨਾਂ ਅੰਦਰ ਜਾਰੀ ਕਰ ਦਿੱਤੇ ਜਾਣਗੇ।

ਪ੍ਰੈੱਸ ਕਾਨਫ਼ਰੰਸ ਦੌਰਾਨ ਮੰਤਰੀ ਨੇ ਦੱਸਿਆ ਕਿ ਮਈ ਅਤੇ ਜੂਨ ਮਹੀਨੇ ਵਿੱਚ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਕਈ ਥਾਵਾਂ ’ਤੇ ਨਿਯਮਤ ਮੀਟਰ ਰੀਡਿੰਗ ਨਹੀਂ ਹੋ ਸਕੀ। ਇਸ ਤੋਂ ਬਾਅਦ ਜੁਲਾਈ ਵਿੱਚ ਗਰਮੀ ਕਾਰਨ ਬਿਜਲੀ ਦੀ ਖਪਤ ਵਧਣ ’ਤੇ ਤਿੰਨਾਂ ਮਹੀਨਿਆਂ ਦੀ ਕੁੱਲ ਖਪਤ ਨੂੰ ਔਸਤ ਦੇ ਆਧਾਰ ’ਤੇ ਬਿਲ ਕੀਤਾ ਗਿਆ। ਉਦਾਹਰਨ ਵਜੋਂ 250, 250 ਅਤੇ 450 ਯੂਨਿਟ ਦੀ ਖਪਤ ਨੂੰ ਜੋੜ ਕੇ 950 ਯੂਨਿਟ ਬਣੇ ਅਤੇ ਇਸ ਨੂੰ ਤਿੰਨ ਨਾਲ ਵੰਡਣ ’ਤੇ 316.6 ਯੂਨਿਟ ਦੀ ਔਸਤ ਤਿਆਰ ਹੋਈ। ਇਸ ਕਾਰਨ ਕੁਝ ਖਪਤਕਾਰ 300 ਯੂਨਿਟ ਤੱਕ ਦੀ ਮੁਫ਼ਤ ਬਿਜਲੀ ਸਬਸਿਡੀ ਦੇ ਲਾਭ ਤੋਂ ਪ੍ਰਭਾਵਿਤ ਹੋਏ।

ਸੌਂਦ ਨੇ ਕਿਹਾ ਕਿ PSPCL ਦੇ ਕੁੱਲ 78 ਲੱਖ ਖਪਤਕਾਰਾਂ ਵਿੱਚੋਂ ਸਿਰਫ਼ 63 ਹਜ਼ਾਰ ਇਸ ਸਮੱਸਿਆ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਮਈ ਅਤੇ ਜੂਨ ਮਹੀਨੇ ਵਿੱਚ 300 ਯੂਨਿਟ ਤੋਂ ਘੱਟ ਖਪਤ ਵਾਲੇ ਖਪਤਕਾਰਾਂ ਨੂੰ ਪੂਰੀ ਸਬਸਿਡੀ ਮਿਲੇਗੀ ਅਤੇ ਉਨ੍ਹਾਂ ਨੂੰ ਸਿਰਫ਼ ਜੁਲਾਈ ਮਹੀਨੇ ਦੀ ਵਾਧੂ ਖਪਤ ਦਾ ਹੀ ਬਿੱਲ ਅਦਾ ਕਰਨਾ ਪਵੇਗਾ।

ਜਿਨ੍ਹਾਂ ਖਪਤਕਾਰਾਂ ਨੇ ਅਜੇ ਬਿੱਲ ਨਹੀਂ ਭਰੇ, ਉਨ੍ਹਾਂ ਨੂੰ ਤਿੰਨ ਦਿਨਾਂ ਅੰਦਰ ਦਰੁਸਤ ਬਿੱਲ ਭੇਜੇ ਜਾਣਗੇ। ਜਿਹੜੇ ਖਪਤਕਾਰ ਪਹਿਲਾਂ ਹੀ ਬਿੱਲ ਭਰ ਚੁੱਕੇ ਹਨ, ਉਨ੍ਹਾਂ ਨੂੰ ਵੀ ਚਿੰਤਾ ਕਰਨ ਦੀ ਲੋੜ ਨਹੀਂ। ਵਾਧੂ ਅਦਾ ਕੀਤੀ ਰਕਮ ਅਗਲੇ ਬਿਲਿੰਗ ਸਾਈਕਲ ਵਿੱਚ ਐਡਜਸਟ ਕਰ ਦਿੱਤੀ ਜਾਵੇਗੀ।

ਸੋਸ਼ਲ ਮੀਡੀਆ ’ਤੇ ਸਾਹਮਣੇ ਆ ਰਹੇ ਵੱਡੇ ਬਿੱਲਾਂ ਦੇ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਕਿ ਪੁਰਾਣੇ SAP ਸਿਸਟਮ ਤੋਂ ਨਵੇਂ ਬਿਲਿੰਗ ਸਿਸਟਮ ਵਿੱਚ ਡੇਟਾ ਮਾਈਗ੍ਰੇਸ਼ਨ ਦੌਰਾਨ ਤਕਨੀਕੀ ਗੜਬੜ ਸਾਹਮਣੇ ਆਈ ਸੀ। ਜਾਂਚ ਮੁਤਾਬਕ 98 ਫ਼ੀਸਦੀ ਬਿੱਲ ਸਹੀ ਸਨ, ਜਦਕਿ 2 ਫ਼ੀਸਦੀ ਬਿੱਲਾਂ ਵਿੱਚ ਸਾਫ਼ਟਵੇਅਰ ਗਲਿਚ ਕਾਰਨ ਸਮੱਸਿਆ ਆਈ। ਉਨ੍ਹਾਂ ਕਿਹਾ ਕਿ ਗਲਿਚ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ 20 ਮੈਂਬਰਾਂ ਦੀ ਸਮਰਪਿਤ ਟੀਮ ਤਾਇਨਾਤ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਵਿਸ਼ੇਸ਼ ਕਸਟਮਰ ਕੇਅਰ ਨੰਬਰ ’ਤੇ ਪ੍ਰਾਪਤ ਸ਼ਿਕਾਇਤਾਂ ਦੀ ਜਾਂਚ ਕਰਕੇ 15 ਦਿਨਾਂ ਦੇ ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।