ਦਰਦਨਾਕ ਸੜਕ ਹਾਦਸਾ: ਰੱਖੜੀ ਬੰਨ੍ਹਵਾਉਣ ਜਾ ਰਹੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

Top Trending News ਪੰਜਾਬ

  • ਦਰਦਨਾਕ ਸੜਕ ਹਾਦਸਾ: ਰੱਖੜੀ ਬੰਨ੍ਹਵਾਉਣ ਜਾ ਰਹੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਮੋਹਾਲੀ, 28 ਅਗਸਤ (ਦੇਸ਼ ਕਲਿੱਕ ਬਿਊਰੋ): ਰੱਖੜੀ ਦੇ ਤਿਉਹਾਰ ਮੌਕੇ ਘਰ ਜਾ ਕੇ ਆਪਣੀਆਂ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਨਿਕਲੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਮੱਛਲੀ ਕਲਾਂ ਦੇ ਰਹਿਣ ਵਾਲੇ ਪਰਮਪ੍ਰੀਤ ਵਜੋਂ ਹੋਈ ਹੈ, ਜੋ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਹਾਦਸਾ ਏਅਰਪੋਰਟ ਚੌਂਕ ਨੇੜੇ ਭਾਰਤ ਮਾਲਾ ਰੋਡ ’ਤੇ ਵਾਪਰਿਆ। ਪਰਮਪ੍ਰੀਤ ਜ਼ੀਰਕਪੁਰ ਤੋਂ ਮੋਟਰਸਾਈਕਲ ’ਤੇ ਆਪਣੇ ਪਿੰਡ ਜਾ ਰਿਹਾ ਸੀ ਕਿ ਰਸਤੇ ਵਿੱਚ ਕਿਸੇ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਉਹ ਸੜਕ ਕਿਨਾਰੇ ਜਾ ਡਿੱਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ।

ਪਰਮਪ੍ਰੀਤ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਸੀ ਅਤੇ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਕੰਮ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਘਰ ਦੀਆਂ ਜ਼ਿੰਮੇਵਾਰੀਆਂ ਵੀ ਮੁੱਖ ਤੌਰ ’ਤੇ ਉਸ ਦੇ ਮੋਢਿਆਂ ’ਤੇ ਸਨ। ਮ੍ਰਿਤਕ ਦੇ ਦੋਸਤ ਗੁਰਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਸੜਕ ਦੇ ਡਿਵਾਈਡਰ ਦਾ ਕੋਨਾ ਉਸ ਦੇ ਸਿਰ ਵਿੱਚ ਲੱਗਣ ਕਾਰਨ ਬਹੁਤ ਜ਼ਿਆਦਾ ਖੂਨ ਵਹਿ ਗਿਆ। ਸਵੇਰ ਦੇ ਸਮੇਂ ਆਵਾਜਾਈ ਘੱਟ ਹੋਣ ਕਾਰਨ ਕੁਝ ਸਮੇਂ ਤੱਕ ਕਿਸੇ ਦੀ ਨਜ਼ਰ ਉਸ ’ਤੇ ਨਹੀਂ ਪਈ। ਬਾਅਦ ਵਿੱਚ ਇੱਕ ਰਾਹਗੀਰ ਨੇ ਉਸ ਨੂੰ ਦੇਖ ਕੇ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ।

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਹਾਦਸੇ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਾਹਨ ਦੀ ਪਛਾਣ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।