ਵੱਡੀ ਖ਼ਬਰ: ਕੈਬਨਿਟ ਮੰਤਰੀ ਨੇ ਦਿੱਤਾ ਅਸਤੀਫ਼ਾ
ਵਾਲਮੀਕੀ ਨਿਗਮ ਘਪਲੇ ਨੂੰ ਲੈ ਕੇ ਘਿਰੀ ਕਰਨਾਟਕ ਸਰਕਾਰ, ਮੰਤਰੀ ਬੀ. ਨਾਗੇਂਦਰ ਨੇ ਦਿੱਤਾ ਅਸਤੀਫ਼ਾ
ਬੈਂਗਲੁਰੂ, 29 ਅਗਸਤ 2026: ਕਰਨਾਟਕ ਦੀ ਸਿਆਸਤ ਵਿੱਚ ਵੱਡਾ ਸਿਆਸੀ ਉਲਟਫੇਰ ਹੋਇਆ ਹੈ। ਪਲਾਨਿੰਗ ਅਤੇ ਸਟੈਟਿਸਟਿਕਸ ਮੰਤਰੀ ਬੀ. ਨਾਗੇਂਦਰ ਨੇ ਮਹਾਰਸ਼ੀ ਵਾਲਮੀਕੀ ਅਨੁਸੂਚਿਤ ਕਬੀਲਾ ਵਿਕਾਸ ਨਿਗਮ ਨਾਲ ਜੁੜੇ ਕਥਿਤ ਕਰੋੜਾਂ ਰੁਪਏ ਦੇ ਵਿੱਤੀ ਘਪਲੇ ਦੇ ਮਾਮਲੇ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਉਨ੍ਹਾਂ ਦਾ ਦੋ ਸਾਲਾਂ ਵਿੱਚ ਦੂਜੀ ਵਾਰ ਮੰਤਰੀ ਅਹੁਦੇ ਤੋਂ ਅਸਤੀਫ਼ਾ ਹੈ।
ਨਾਗੇਂਦਰ ਦਾ ਅਸਤੀਫ਼ਾ ਵਿਰੋਧੀ ਭਾਜਪਾ ਵੱਲੋਂ ਲਗਾਤਾਰ ਬਣਾਏ ਜਾ ਰਹੇ ਸਿਆਸੀ ਦਬਾਅ ਅਤੇ ਜਾਂਚ ਏਜੰਸੀਆਂ ਦੀ ਕਾਰਵਾਈ ਦਰਮਿਆਨ ਆਇਆ ਹੈ। ਰਿਪੋਰਟਾਂ ਮੁਤਾਬਕ ਕੇਂਦਰੀ ਜਾਂਚ ਬਿਊਰੋ (CBI) ਨੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਰਾਜਪਾਲ ਤੋਂ ਮਨਜ਼ੂਰੀ ਮੰਗੀ ਸੀ। ਹਾਲਾਂਕਿ ਨਾਗੇਂਦਰ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਇਸ ਨੂੰ ਸਿਆਸੀ ਨਿਸ਼ਾਨਾ ਬਣਾਉਣ ਦੀ ਕਾਰਵਾਈ ਕਰਾਰ ਦਿੱਤਾ ਹੈ।
ਇਸ ਮਾਮਲੇ ਨੂੰ ਲੈ ਕੇ ਭਾਜਪਾ ਵੱਲੋਂ ਸਰਕਾਰ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਪਾਰਟੀ ਨੇ ਨਾਗੇਂਦਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ 1 ਸਤੰਬਰ ਤੋਂ ਰਾਇਚੂਰ ਤੋਂ ਬੱਲਾਰੀ ਤੱਕ 10 ਦਿਨਾਂ ਦੀ ਪੈਦਲ ਯਾਤਰਾ ਦਾ ਐਲਾਨ ਵੀ ਕੀਤਾ ਸੀ।
ਨਾਗੇਂਦਰ ਦੇ ਅਸਤੀਫ਼ੇ ਨੂੰ ਸਿਆਸੀ ਹਲਕਿਆਂ ਵਿੱਚ ਸਰਕਾਰ ਵੱਲੋਂ ਵਧਦੇ ਦਬਾਅ ਨੂੰ ਘਟਾਉਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਭਾਜਪਾ ਨੇ ਇਸ ਨੂੰ ਆਪਣੀ ਮੁਹਿੰਮ ਦੀ ਜਿੱਤ ਕਰਾਰ ਦਿੱਤਾ ਹੈ।






