Breaking- ਪਿਤਾ ਨੇ ਪੁੱਤ ਦਾ ਕੀਤਾ ਕਤ/ਲ
ਨਵੀਂ ਦਿੱਲੀ, 29 ਅਗਸਤ 2026: ਦਿੱਲੀ ਦੇ ਸਾਊਥ-ਈਸਟ ਜ਼ਿਲ੍ਹਾ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ 64 ਸਾਲਾ ਤਲਕਦਾਰ ਅੰਸਾਰੀ ਅਤੇ 49 ਸਾਲਾ ਮੁਹੰਮਦ ਵਸੀਮ ਉਰਫ਼ ਅਕਰਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਦੋਵੇਂ ਮੁਲਜ਼ਮ 38 ਸਾਲਾ ਗੁਲ ਹਸਨ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ। ਤਲਕਦਾਰ ਅੰਸਾਰੀ ਮ੍ਰਿਤਕ ਦਾ ਪਿਤਾ ਦੱਸਿਆ ਜਾ ਰਿਹਾ ਹੈ।
ਪੁਲਿਸ ਅਨੁਸਾਰ 23 ਅਗਸਤ 2026 ਨੂੰ ਕਾਲਿੰਦੀ ਕੁੰਜ ਸਥਿਤ ਕੱਚੀ ਕਾਲੋਨੀ ਨੇੜੇ ਇੱਕ ਕੰਟੇਨਰ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ। ਲਾਸ਼ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਸਨ, ਜਦਕਿ ਨੇੜਿਓਂ ਖੂਨ ਨਾਲ ਲੱਥਪੱਥ ਕੰਕਰੀਟ ਦਾ ਪੱਥਰ ਵੀ ਮਿਲਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਮ੍ਰਿਤਕ ਦੀ ਪਛਾਣ ਗੁਲ ਹਸਨ ਵਜੋਂ ਕੀਤੀ।
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਗੁਲ ਹਸਨ ਸਕਿਜ਼ੋਫ੍ਰੇਨੀਆ ਤੋਂ ਪੀੜਤ ਸੀ। ਪੁੱਛਗਿੱਛ ਦੌਰਾਨ ਪੁਲਿਸ ਦੇ ਦਾਅਵੇ ਮੁਤਾਬਕ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਹ ਗੁਲ ਹਸਨ ਨੂੰ ਡਾਕਟਰ ਕੋਲ ਲਿਜਾਣ ਦਾ ਬਹਾਨਾ ਬਣਾ ਕੇ ਇੱਕ ਕੰਟੇਨਰ ਕੋਲ ਲੈ ਕੇ ਗਏ ਸਨ।
ਪੁਲਿਸ ਮੁਤਾਬਕ ਉੱਥੇ ਪਹੁੰਚਣ ਤੋਂ ਬਾਅਦ ਮੁਹੰਮਦ ਵਸੀਮ ਉਰਫ਼ ਅਕਰਮ ਨੇ ਕਥਿਤ ਤੌਰ ’ਤੇ ਗੁਲ ਹਸਨ ਦੇ ਸਿਰ ’ਤੇ ਪੱਥਰ ਨਾਲ ਵਾਰ ਕੀਤਾ। ਇਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਵੱਲੋਂ ਉਸ ’ਤੇ ਹਮਲਾ ਕਰਨ ਅਤੇ ਕੱਪੜੇ ਦੀ ਰੱਸੀ ਨਾਲ ਗਲਾ ਘੁੱਟਣ ਦਾ ਦੋਸ਼ ਹੈ। ਇਸ ਘਟਨਾ ਵਿੱਚ ਗੁਲ ਹਸਨ ਦੀ ਮੌਤ ਹੋ ਗਈ।
ਪੁਲਿਸ ਨੇ ਮਾਮਲੇ ਦੀ ਜਾਂਚ ਅੱਗੇ ਵਧਾਉਂਦਿਆਂ ਕਥਿਤ ਤੌਰ ’ਤੇ ਕਤਲ ਵਿੱਚ ਵਰਤਿਆ ਗਿਆ ਹਥਿਆਰ, ਖੂਨ ਨਾਲ ਲੱਥਪੱਥ ਕੱਪੜੇ ਅਤੇ ਗਲਾ ਘੁੱਟਣ ਲਈ ਵਰਤੀ ਗਈ ਰੱਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਫਿਲਹਾਲ ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਤਲ ਦੇ ਪਿੱਛੇ ਅਸਲ ਕਾਰਨ ਕੀ ਸੀ ਅਤੇ ਵਾਰਦਾਤ ਵਿੱਚ ਹੋਰ ਕੋਈ ਵਿਅਕਤੀ ਸ਼ਾਮਲ ਸੀ ਜਾਂ ਨਹੀਂ, ਇਸ ਸਬੰਧੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।






