Gen-Z ਦੇ ਸਵਾਲਾਂ ਤੋਂ ਨਹੀਂ, ਉਸਦੀ ਸੋਚ ਤੋਂ ਸਿੱਖਣ ਦੀ ਲੋੜ: ਕੰਵਲਜੀਤ ਸਿੰਘ

Top Trending News ਪੰਜਾਬ

  • Gen-Z ਦੇ ਸਵਾਲਾਂ ਤੋਂ ਨਹੀਂ, ਉਸਦੀ ਸੋਚ ਤੋਂ ਸਿੱਖਣ ਦੀ ਲੋੜ: ਕੰਵਲਜੀਤ ਸਿੰਘ
  • Gen-Z ਦਾ ਜੰਤਰ-ਮੰਤਰ ਵੱਲ ਰੁਖ਼’ ਵਿਸ਼ੇ ’ਤੇ ਵਿਚਾਰ-ਚਰਚਾ ਕਰਵਾਈ

ਮੋਹਾਲੀ: 29 ਅਗਸਤ (ਦੇਸ਼ ਕਲਿੱਕ ਬਿਊਰੋ): ਤਰਕਸ਼ੀਲ ਸੋਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਵੱਲੋਂ ਭਾਰਤ ਦੇ ਪਹਿਲੇ ਸ਼ਹੀਦ ਤਰਕਸ਼ੀਲ ਡਾ. ਨਰੇਂਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ‘Gen-Z ਦਾ ਜੰਤਰ-ਮੰਤਰ ਵੱਲ ਰੁਖ਼’ ਵਿਸ਼ੇ ’ਤੇ ਵਿਚਾਰ-ਚਰਚਾ/ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਮੁੱਖ ਬੁਲਾਰੇ ਕੰਵਲਜੀਤ ਸਿੰਘ ਨੇ Gen-Z ਦੀ ਸੋਚ, ਸਰੋਕਾਰਾਂ ਅਤੇ ਸਮਾਜਿਕ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਆਪਣੇ ਸੰਬੋਧਨ ਵਿੱਚ ਕੰਵਲਜੀਤ ਸਿੰਘ ਨੇ ਕਿਹਾ ਕਿ Gen-Z ਦੀ ਆਪਣੀ ਵਿਸ਼ੇਸ਼ ਪਛਾਣ ਅਤੇ ਸੋਚ ਹੈ। ਪੁਰਾਣੀ ਪੀੜ੍ਹੀ ਨੂੰ Gen-Z ਦੀਆਂ ਸੀਮਾਵਾਂ ਜਾਂ ਕਮੀਆਂ ਉਜਾਗਰ ਕਰਨ ਦੀ ਬਜਾਏ ਉਸਦੀ ਨਵੀਂ ਸੋਚ ਨੂੰ ਸਮਝਣ ਅਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ Gen-Z ਦਾ ਹੈ, ਇਸ ਲਈ ਪੁਰਾਣੀ ਪੀੜ੍ਹੀ ਨੂੰ ਸਮੇਂ ਦੇ ਬਦਲਾਅ ਨੂੰ ਸਵੀਕਾਰ ਕਰਦਿਆਂ Gen-Z ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ Gen-Z ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕਰਦੀ ਹੈ। ਉਹ ਸਵਾਲ ਪੁੱਛਣ, ਤਰਕ ਕਰਨ ਅਤੇ ਪ੍ਰਣਾਲੀ ਤੋਂ ਜਵਾਬ ਮੰਗਣ ਨੂੰ ਆਪਣਾ ਅਧਿਕਾਰ ਸਮਝਦੀ ਹੈ। ਉਨ੍ਹਾਂ ਅਨੁਸਾਰ ਇਹ ਰੁਝਾਨ ਸਮਾਜ ਵਿੱਚ ਲੋਕਤੰਤਰਕ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਸੈਮੀਨਾਰ ਦੀ ਕਾਰਵਾਈ ਜਸਵੰਤ ਮੋਹਾਲੀ ਨੇ ਸਟੇਜ ਸਕੱਤਰ ਵਜੋਂ ਸੰਭਾਲੀ। ਇਸ ਮੌਕੇ ਯਸ਼ਪਾਲ ਵਰਗ ਚੇਤਨਾ, ਜਸਵਿੰਦਰ ਸਿੰਘ ਅਤੇ ਗੁਰਮੀਤ ਖਰੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ Gen-Z ਦੀਆਂ ਸਰਗਰਮੀਆਂ, ਨੌਜਵਾਨਾਂ ਦੀ ਬਦਲ ਰਹੀ ਸੋਚ ਅਤੇ ਸਮਾਜਿਕ-ਰਾਜਨੀਤਕ ਮੁੱਦਿਆਂ ’ਤੇ ਚਰਚਾ ਕੀਤੀ।

ਬੁਲਾਰਿਆਂ ਨੇ ਡਾ. ਨਰੇਂਦਰ ਦਾਭੋਲਕਰ ਦੇ ਵਿਗਿਆਨਕ ਸੋਚ, ਤਰਕਸ਼ੀਲਤਾ ਅਤੇ ਅੰਧਵਿਸ਼ਵਾਸ ਵਿਰੋਧੀ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਵਿੱਚ ਵਿਗਿਆਨਕ ਸੋਚ ਅਤੇ ਸਵਾਲ ਕਰਨ ਦੀ ਪ੍ਰਵਿਰਤੀ ਨੂੰ ਮਜ਼ਬੂਤ ਕਰਨਾ ਅੱਜ ਵੀ ਉਨੀ ਹੀ ਜ਼ਰੂਰੀ ਹੈ।
ਸੈਮੀਨਾਰ ਦੀ ਸਫ਼ਲਤਾ ਲਈ ਡਾ. ਮਜੀਦ ਆਜ਼ਾਦ, ਇਕਬਾਲ ਸਿੰਘ, ਗੁਰਤੇਜ ਸਿੰਘ ਅਤੇ ਜਰਨੈਲ ਕ੍ਰਾਂਤੀ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।