ਨੌਜਵਾਨ ਵੱਲੋਂ ਭੈਣ ਦੇ ਪ੍ਰੇਮੀ ਦੀ ਮਾਂ ਦਾ ਕਤਲ

Top Trending News ਪੰਜਾਬ

  • ਨੌਜਵਾਨ ਵੱਲੋਂ ਭੈਣ ਦੇ ਪ੍ਰੇਮੀ ਦੀ ਮਾਂ ਦਾ ਕਤਲ

ਮੋਹਾਲੀ, ਅਗਸਤ 29 (ਦੇਸ਼ ਕਲਿੱਕ ਬਿਊਰੋ): ਮੋਹਾਲੀ ਦੇ ਕੁਰਾਲੀ ‘ਚ ਭੈਣ ਦੇ ਲਵ ਮੈਰਿਜ ਕਰਨ ਦੇ ਫੈਸਲੇ ਦਾ ਵਿਰੋਧ ਕਰ ਰਹੇ ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੇ ਘਰ ‘ਚ ਦਾਖਲ ਹੋ ਕੇ ਚਾਕੂ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਨੇ ਸਭ ਤੋਂ ਪਹਿਲਾਂ ਲੜਕੇ ਦੀ ਮਾਂ ‘ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਆਪਣੀ ਪਤਨੀ ਨੂੰ ਬਚਾਉਣ ਆਏ ਲੜਕੇ ਦੇ ਪਿਤਾ ਦੇ ਪੇਟ ‘ਚ ਵੀ ਚਾਕੂ ਲੱਗ ਗਿਆ ਅਤੇ ਉਹ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਕਰੀਬ 4-5 ਘੰਟਿਆਂ ਦੇ ਅੰਦਰ ਹੀ ਮੁਲਜ਼ਮ ਸੋਨੂੰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਵਾਰਦਾਤ ਦੇ ਪਿੱਛੇ ਭੈਣ ਦੇ ਲਵ ਮੈਰਿਜ ਕਰਨ ਦੇ ਫੈਸਲੇ ਦਾ ਵਿਰੋਧ ਸਾਹਮਣੇ ਆਇਆ ਹੈ।

ਘਰ ‘ਚ ਦਾਖਲ ਹੋ ਕੇ ਕੀਤਾ ਚਾਕੂ ਨਾਲ ਹਮਲਾ
ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਵਾਰਦਾਤ 28 ਅਗਸਤ ਨੂੰ ਦੁਪਹਿਰ ਕਰੀਬ 12:30 ਵਜੇ ਕੁਰਾਲੀ ਦੇ ਵਾਰਡ ਨੰਬਰ-13 ਸਥਿਤ ਬਡਾਲੀ ਰੋਡ ‘ਤੇ ਵਾਪਰੀ। ਮੁਲਜ਼ਮ ਅਚਾਨਕ ਚਾਕੂ ਲੈ ਕੇ ਘਰ ‘ਚ ਦਾਖਲ ਹੋਇਆ ਅਤੇ 45 ਸਾਲਾ ਸਰੋਜ ਦੇਵੀ ‘ਤੇ ਹਮਲਾ ਕਰ ਦਿੱਤਾ। ਉਸ ਨੇ ਔਰਤ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਉਸ ਦੇ ਪਤੀ ਓਮ ਨਾਥ ਰਾਏ ਦੇ ਪੇਟ ‘ਚ ਵੀ ਚਾਕੂ ਲੱਗ ਗਿਆ। ਗੰਭੀਰ ਹਾਲਤ ‘ਚ ਉਨ੍ਹਾਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਫੇਜ਼-6 ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਡੇਢ ਸਾਲ ਤੋਂ ਚੱਲ ਰਿਹਾ ਸੀ ਪ੍ਰੇਮ ਸਬੰਧ
ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਲੜਕੇ ਅਤੇ ਲੜਕੀ ਵਿਚਾਲੇ ਕਰੀਬ ਡੇਢ ਸਾਲ ਤੋਂ ਪ੍ਰੇਮ ਸਬੰਧ ਸਨ। ਲਗਭਗ ਡੇਢ ਮਹੀਨਾ ਪਹਿਲਾਂ ਦੋਵੇਂ ਘਰੋਂ ਭੱਜ ਵੀ ਗਏ ਸਨ। ਬਾਅਦ ‘ਚ ਦੋਵਾਂ ਪਰਿਵਾਰਾਂ ਨੇ ਉਨ੍ਹਾਂ ਦੇ ਵਿਆਹ ਲਈ ਸਹਿਮਤੀ ਦੇ ਦਿੱਤੀ ਸੀ, ਪਰ ਲੜਕੀ ਦਾ ਭਰਾ ਇਸ ਰਿਸ਼ਤੇ ਦੇ ਖਿਲਾਫ਼ ਸੀ। ਮੁਲਜ਼ਮ ਸੋਨੂੰ ਕੁਮਾਰ (25) ਦੀ ਭੈਣ ਓਮ ਨਾਥ ਰਾਏ ਦੇ ਪੁੱਤਰ ਬਿੱਟੂ ਨਾਲ ਆਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਨਾ ਚਾਹੁੰਦੀ ਸੀ। 28 ਅਗਸਤ ਨੂੰ ਜਦੋਂ ਸੋਨੂੰ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਵਿਆਹ ਕਰਨ ਜਾ ਰਹੀ ਹੈ ਤਾਂ ਉਹ ਗੁੱਸੇ ‘ਚ ਆ ਗਿਆ। ਪੁਲਿਸ ਮੁਤਾਬਕ ਉਸ ਨੇ ਬਾਜ਼ਾਰ ਤੋਂ ਧਾਰਦਾਰ ਚਾਕੂ ਖਰੀਦਿਆ ਅਤੇ ਸਿੱਧਾ ਬਿੱਟੂ ਦੇ ਘਰ ਪਹੁੰਚ ਗਿਆ। ਉੱਥੇ ਉਸ ਨੇ ਬਿੱਟੂ ਦੇ ਮਾਤਾ-ਪਿਤਾ ‘ਤੇ ਹਮਲਾ ਕਰ ਦਿੱਤਾ। ਜ਼ਖਮੀ ਓਮ ਨਾਥ ਰਾਏ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਟੀ ਕੁਰਾਲੀ ‘ਚ ਮੁਲਜ਼ਮ ਸੋਨੂੰ ਕੁਮਾਰ ਖਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 109 ਅਤੇ 103 ਸਮੇਤ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

4-5 ਘੰਟਿਆਂ ‘ਚ ਮੁਲਜ਼ਮ ਗ੍ਰਿਫ਼ਤਾਰ, ਇੱਕ ਦਿਨ ਦਾ ਪੁਲਿਸ ਰਿਮਾਂਡ
ਕਤਲ ਦੀ ਇਸ ਗੰਭੀਰ ਵਾਰਦਾਤ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਬਣ ਗਿਆ ਸੀ। ਮੁਲਜ਼ਮ ਨੂੰ ਕਾਬੂ ਕਰਨ ਲਈ ਐੱਸਪੀ (ਰੂਰਲ) ਜਸਪਿੰਦਰ ਸਿੰਘ ਦੀ ਨਿਗਰਾਨੀ ਅਤੇ ਡੀਐੱਸਪੀ ਖਰੜ-2 (ਮੁੱਲਾਂਪੁਰ) ਹਰਕੀਰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸਿਟੀ ਕੁਰਾਲੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਹਰਸ਼ ਮੋਹਨ ਗੌਤਮ ਦੀ ਅਗਵਾਈ ‘ਚ ਵਿਸ਼ੇਸ਼ ਪੁਲਿਸ ਟੀਮ ਬਣਾਈ ਗਈ। ਪੁਲਿਸ ਟੀਮ ਨੇ ਤਕਨੀਕੀ ਇਨਪੁਟ ਅਤੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਵਾਰਦਾਤ ਤੋਂ ਮਹਿਜ਼ 4-5 ਘੰਟਿਆਂ ਦੇ ਅੰਦਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸੋਨੂੰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਨੂੰ ਸ਼ਨੀਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਅੱਗੇ ਦੀ ਪੁੱਛਗਿੱਛ ਅਤੇ ਵਾਰਦਾਤ ‘ਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਲਈ ਸੋਨੂੰ ਕੁਮਾਰ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।