ਰਾਜਪੁਰਾ ਦੇ ਟਾਹਲੀ ਵਾਲਾ ਚੌਕ ’ਚ ਭਿਆਨਕ ਅੱਗ, 6-7 ਦੁਕਾਨਾਂ ਸੜ ਕੇ ਸੁਆਹ

Top Trending News ਪੰਜਾਬ

 

ਰਾਜਪੁਰਾ ਦੇ ਟਾਹਲੀ ਵਾਲਾ ਚੌਕ ’ਚ ਭਿਆਨਕ ਅੱਗ, 6-7 ਦੁਕਾਨਾਂ ਸੜ ਕੇ ਸੁਆਹ

ਰਾਜਪੁਰਾ, 30 ਅਗਸਤ: ਰਾਜਪੁਰਾ ਦੇ ਟਾਹਲੀ ਵਾਲਾ ਚੌਕ ਨੇੜੇ ਸ਼ੁੱਕਰਵਾਰ ਦੇਰ ਰਾਤ ਕਰੀਬ 2 ਵਜੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਦੁਕਾਨਾਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਦੀ ਲਪੇਟ ਵਿੱਚ ਆ ਕੇ 6 ਤੋਂ 7 ਦੁਕਾਨਾਂ ਬੁਰੀ ਤਰ੍ਹਾਂ ਸੜ ਗਈਆਂ। ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਣਕਾਰੀ ਅਨੁਸਾਰ ਅੱਗ ਸਰਿਏ ਅਤੇ ਫਾਈਬਰ ਦਾ ਕੰਮ ਕਰਨ ਵਾਲੀਆਂ ਦੁਕਾਨਾਂ ਵਿੱਚ ਲੱਗੀ। ਅੱਗ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਕਾਨਾਂ ਵਿੱਚ ਪਏ ਲੋਹੇ ਦੇ ਐਂਗਲ ਤੱਕ ਪਿਘਲ ਗਏ। ਅੱਗ ’ਤੇ ਕਾਬੂ ਪਾਉਣ ਲਈ ਰਾਜਪੁਰਾ ਤੋਂ ਇਲਾਵਾ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ।

ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਰੀਬ ਚਾਰ ਘੰਟਿਆਂ ਤੱਕ ਲਗਾਤਾਰ ਜੱਦੋਜਹਿਦ ਕੀਤੀ ਅਤੇ ਸਵੇਰੇ ਲਗਭਗ 5:30 ਵਜੇ ਅੱਗ ’ਤੇ ਕਾਬੂ ਪਾਇਆ। ਫਾਇਰ ਅਫਸਰ ਰੁਪਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਅੱਗ ਕਾਰਨ 4 ਦੁਕਾਨਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਫਾਇਰ ਬ੍ਰਿਗੇਡ ਦੀ ਟੀਮ ਦੀ ਮੁਸਤੈਦੀ ਕਾਰਨ ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਿਆ ਗਿਆ।

ਅੱਗਜ਼ਨੀ ਦੀ ਇਸ ਘਟਨਾ ਵਿੱਚ ਪ੍ਰਭਾਵਿਤ ਦੁਕਾਨਦਾਰਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅਧਿਕਾਰੀਆਂ ਵੱਲੋਂ ਘਟਨਾ ਦੇ ਕਾਰਨਾਂ ਅਤੇ ਹੋਏ ਕੁੱਲ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।