- ਹੁਸ਼ਿਆਰਪੁਰ ਜੇਲ੍ਹ ’ਚ ਭੰਨ-ਤੋੜ ਕਰਨ ਵਾਲੇ 22 ਕੈਦੀ ਤੇ ਹਵਾਲਾਤੀ ਨਾਮਜ਼ਦ
ਹੁਸ਼ਿਆਰਪੁਰ, 4 ਸਤੰਬਰ (ਦੇਸ਼ ਕਲਿੱਕ ਬਿਊਰੋ): ਆਜ਼ਾਦੀ ਦਿਹਾੜੇ ਦੀ ਰਾਤ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਹੰਗਾਮਾ ਕਰਕੇ ਭੰਨ-ਤੋੜ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਜੇਲ੍ਹ ਅੰਦਰ ਬੰਦ 22 ਕੈਦੀਆਂ ਅਤੇ ਹਵਾਲਾਤੀਆਂ ਨੂੰ ਨਾਮਜ਼ਦ ਕੀਤਾ ਹੈ। ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ 15 ਅਤੇ 16 ਅਗਸਤ ਦੀ ਦਰਮਿਆਨੀ ਰਾਤ ਬੈਰਕ ਨੰਬਰ 15, 16 ਅਤੇ 17 ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੇ ਇਕੱਠੇ ਹੋ ਕੇ ਹੰਗਾਮਾ ਕੀਤਾ।
ਦੋਸ਼ ਹੈ ਕਿ ਉਨ੍ਹਾਂ ਨੇ ਜੇਲ੍ਹ ਦੀਆਂ ਖਿੜਕੀਆਂ ਦੀਆਂ ਰਾਡਾਂ ਤੋੜ ਕੇ ਜੰਮ ਕੇ ਤੋੜ-ਫੋੜ ਕੀਤੀ। ਇਸ ਦੌਰਾਨ CCTV ਕੈਮਰਿਆਂ ਦੀ ਵੀ ਭੰਨਤੋੜ ਕੀਤੀ ਗਈ। ਜੇਲ੍ਹ ਅਧਿਕਾਰੀਆਂ ਮੁਤਾਬਕ ਇਸ ਕਾਰਨ ਜੇਲ੍ਹ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ 22 ਵੱਖ-ਵੱਖ ਕੈਦੀਆਂ ਅਤੇ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।







