ਵੱਡੀ ਖ਼ਬਰ: ਏਅਰਪੋਰਟ ’ਤੇ ਇੰਡੀਗੋ ਦਾ ਜਹਾਜ਼ ਖੰਭੇ ਨਾਲ ਟਕਰਾਇਆ
ਸ੍ਰੀਨਗਰ, 4 ਸਤੰਬਰ: ਇੰਡੀਗੋ ਦੀ ਉਡਾਣ 6E 225 (VT-NOG) ਸ਼ੁੱਕਰਵਾਰ ਸਵੇਰੇ ਸ੍ਰੀਨਗਰ ਹਵਾਈ ਅੱਡੇ ’ਤੇ ਪਾਰਕਿੰਗ ਦੌਰਾਨ ਇੱਕ ਖੰਭੇ ਨਾਲ ਟਕਰਾ ਗਈ। ਇਹ ਜਹਾਜ਼ ਨਵੀਂ ਮੁੰਬਈ ਤੋਂ ਸ੍ਰੀਨਗਰ ਪਹੁੰਚਿਆ ਸੀ ਅਤੇ ਕਰੀਬ ਸਵੇਰੇ 9 ਵਜੇ ਬੇ ਨੰਬਰ 6 ਵਿੱਚ ਪਾਰਕਿੰਗ ਕਰਦੇ ਸਮੇਂ ਇਹ ਘਟਨਾ ਵਾਪਰੀ।
ਘਟਨਾ ਸਮੇਂ ਜਹਾਜ਼ ਵਿੱਚ 200 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਵਾਈ ਅੱਡਾ ਅਧਿਕਾਰੀਆਂ ਮੁਤਾਬਕ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਘਟਨਾ ਤੋਂ ਬਾਅਦ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਮੈਨੂਅਲ ਏਅਰਕ੍ਰਾਫਟ ਪੌੜੀਆਂ ਦੀ ਮਦਦ ਨਾਲ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਜਹਾਜ਼ ਦੇ ਖੰਭੇ ਨਾਲ ਟਕਰਾਉਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਿਸ ਖੰਭੇ ਨਾਲ ਜਹਾਜ਼ ਟਕਰਾਇਆ, ਉਹ ਵਿਜ਼ੂਅਲ ਡੌਕਿੰਗ ਗਾਈਡੈਂਸ ਸਿਸਟਮ (VDGS) ਦਾ ਹਿੱਸਾ ਹੈ। ਇਹ ਪ੍ਰਣਾਲੀ ਜਹਾਜ਼ ਨੂੰ ਪਾਰਕਿੰਗ ਬੇ ਤੱਕ ਸਹੀ ਢੰਗ ਨਾਲ ਪਹੁੰਚਣ ਅਤੇ ਸੁਰੱਖਿਅਤ ਪਾਰਕ ਕਰਨ ਵਿੱਚ ਮਦਦ ਕਰਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਬਾਵਜੂਦ ਸ੍ਰੀਨਗਰ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਆਮ ਹੈ ਅਤੇ ਸਾਰੀਆਂ ਉਡਾਣਾਂ ਆਪਣੇ ਨਿਰਧਾਰਤ ਸਮੇਂ ਅਨੁਸਾਰ ਚੱਲ ਰਹੀਆਂ ਹਨ।







