- ਦਿੱਲੀ ’ਚ ਕਾਕਰੋਚ ਜਨਤਾ ਪਾਰਟੀ ਦਾ 3 ਘੰਟੇ ਧਰਨਾ, ਪੁਲਿਸ ਨੇ ਦਿੱਤਾ 72 ਘੰਟਿਆਂ ’ਚ ਗ੍ਰਿਫ਼ਤਾਰੀ ਦਾ ਭਰੋਸਾ
- ਕਾਰਕੁਨ ਨੀਸ਼ੂ ਆਜ਼ਾਦ ਦੇ ਪਿਤਾ ਨਾਲ ਕਥਿਤ ਕੁੱਟਮਾਰ ਦਾ ਮਾਮਲਾ, CJP ਨੇ ਮੁਲਜ਼ਮ ਖ਼ਿਲਾਫ਼ ਤੁਰੰਤ ਕਾਰਵਾਈ ਦੀ ਕੀਤੀ ਮੰਗ
ਨਵੀਂ ਦਿੱਲੀ, 4 ਸਤੰਬਰ: (ਦੇਸ਼ ਕਲਿੱਕ ਬਿਊਰੋ) : ਕਾਕਰੋਚ ਜਨਤਾ ਪਾਰਟੀ (CJP) ਨੇ ਕਾਰਕੁਨ ਨੀਸ਼ੂ ਆਜ਼ਾਦ ਦੇ ਪਿਤਾ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਦਿੱਲੀ ਦੇ ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਕਰੀਬ 3 ਘੰਟੇ ਪ੍ਰਦਰਸ਼ਨ ਕੀਤਾ। ਪਾਰਟੀ ਦੀ ਮੰਗ ਸੀ ਕਿ ਮੁਲਜ਼ਮ ਸੁਤੰਤਰ ਭਾਰਦਵਾਜ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਪ੍ਰਦਰਸ਼ਨ ਦੌਰਾਨ CJP ਦੇ ਨੁਮਾਇੰਦਿਆਂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਗੱਲਬਾਤ ਹੋਈ। ਪੁਲਿਸ ਵੱਲੋਂ CJP ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਮਾਮਲੇ ਵਿੱਚ SC/ST ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ 72 ਘੰਟਿਆਂ ਦੇ ਅੰਦਰ ਮੁਲਜ਼ਮ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।
23 ਜੂਨ ਨੂੰ ਜੰਤਰ-ਮੰਤਰ ’ਤੇ ਹੋਈ ਸੀ ਕਥਿਤ ਕੁੱਟਮਾਰ
ਨੀਸ਼ੂ ਆਜ਼ਾਦ ਦਾ ਦੋਸ਼ ਹੈ ਕਿ 23 ਜੂਨ ਨੂੰ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦੌਰਾਨ ਉਸ ਦੇ ਪਿਤਾ ਸੰਜੇ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ CJP ਵੱਲੋਂ ਪੁਲਿਸ ’ਤੇ ਤੁਰੰਤ ਕਾਰਵਾਈ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸੇ ਦੌਰਾਨ ਸੁਤੰਤਰ ਭਾਰਦਵਾਜ ਨਾਲ ਸਬੰਧਤ ਇੱਕ ਪੌਡਕਾਸਟ ਵੀਡੀਓ ਵੀ ਵਾਇਰਲ ਹੋਈ। CJP ਦਾ ਦਾਅਵਾ ਹੈ ਕਿ ਵੀਡੀਓ ਵਿੱਚ ਸੁਤੰਤਰ ਸੰਜੇ ’ਤੇ ਹਮਲਾ ਕਰਨ ਦੀ ਗੱਲ ਕਬੂਲ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ, ਵੀਡੀਓ ਵਿੱਚ ਉਸ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਸੈਲਫ ਡਿਫੈਂਸ ਵਿੱਚ ਕੀਤੀ ਗਈ ਸੀ। CJP ਆਗੂ ਸੌਰਵ ਦਾਸ ਨੇ ਸਵਾਲ ਚੁੱਕਿਆ ਕਿ ਜੇਕਰ ਮੁਲਜ਼ਮ ਖੁਦ ਹਮਲੇ ਦੀ ਗੱਲ ਕਹਿ ਰਿਹਾ ਹੈ ਤਾਂ ਪੁਲਿਸ ਵੱਲੋਂ ਕਾਰਵਾਈ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ।
ਪੁਲਿਸ ਨੇ ਖੋਪੜੀ ਫਟਣ ਜਾਂ ਫ੍ਰੈਕਚਰ ਦੇ ਦਾਅਵੇ ਨੂੰ ਦੱਸਿਆ ਗਲਤ
ਪੁਲਿਸ ਮੁਤਾਬਕ 23 ਜੂਨ ਦੀ ਘਟਨਾ ਦੌਰਾਨ ਸੰਜੇ ਕੁਮਾਰ ਦੇ ਸਿਰ ’ਤੇ ਕੜਾ (ਬ੍ਰੈਸਲੇਟ) ਲੱਗਣ ਕਾਰਨ ਸੱਟ ਲੱਗੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ RML ਹਸਪਤਾਲ ਲਿਜਾਇਆ ਗਿਆ। ਮੈਡੀਕੋ-ਲੀਗਲ ਰਿਪੋਰਟ ਵਿੱਚ ਸੱਟ ਨੂੰ ਸਧਾਰਣ ਦੱਸਿਆ ਗਿਆ। ਪੁਲਿਸ ਨੇ ਸਿਰ ਦੀ ਹੱਡੀ ਫਟਣ ਜਾਂ ਫ੍ਰੈਕਚਰ ਹੋਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਗਲਤ ਕਰਾਰ ਦਿੱਤਾ ਹੈ।
ਦੋ ਨੌਜਵਾਨਾਂ ਨੂੰ ਮੌਕੇ ਤੋਂ ਲਿਆ ਸੀ ਹਿਰਾਸਤ ’ਚ
ਪੁਲਿਸ ਦੇ ਅਨੁਸਾਰ ਘਟਨਾ ਵਾਲੇ ਦਿਨ ਸੂਰਜ ਕੁਮਾਰ (24) ਅਤੇ ਸੁਤੰਤਰ ਭਾਰਦਵਾਜ (21) ਨੂੰ ਮੌਕੇ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿੱਚ ਜਾਂਚ ਦੌਰਾਨ ਦੋਵਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਗਿੱਛ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਚਾਰਜਸ਼ੀਟ ਦਾਖ਼ਲ ਕੀਤੀ ਜਾਵੇਗੀ।







