- FBI ਦਾ ਮੋਸਟ ਵਾਂਟੇਡ ਠੱਗ ਜਲੰਧਰ ’ਚ ਗ੍ਰਿਫ਼ਤਾਰ
ਜਲੰਧਰ, 4 ਸਤੰਬਰ (ਦੇਸ਼ ਕਲਿੱਕ ਬਿਊਰੋ): ਅੰਤਰਰਾਸ਼ਟਰੀ ਪੱਧਰ ’ਤੇ ਸੰਗਠਿਤ ਅਪਰਾਧ ਅਤੇ ਭਗੌੜਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਅਮਰੀਕਾ ਦੇ ਚਰਚਿਤ SNAP (Supplemental Nutrition Assistance Program) ਫਰਾਡ ਕੇਸ ’ਚ ਲੋੜੀਂਦੇ ਅਤੇ ਮੋਸਟ ਵਾਂਟੇਡ ਭਗੌੜੇ ਮੰਜੀਤ ਸਿੰਘ ਬੇਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ, ਬੇਦੀ ’ਤੇ ਅਮਰੀਕਾ ਦੀ ਸਰਕਾਰੀ ਖੁਰਾਕ ਸਹਾਇਤਾ ਯੋਜਨਾ ’ਚ ਵੱਡੇ ਪੱਧਰ ’ਤੇ ਧੋਖਾਧੜੀ ਕਰਨ ਦੇ ਦੋਸ਼ ਹਨ। SNAP ਤਹਿਤ ਅਮਰੀਕਾ ’ਚ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਭੋਜਨ ਅਤੇ ਪੋਸ਼ਣ ਸਬੰਧੀ ਸਹਾਇਤਾ ਦਿੱਤੀ ਜਾਂਦੀ ਹੈ।
ਅਮਰੀਕਾ ’ਚ ਫਰਾਡ ਤੋਂ ਬਾਅਦ ਕੈਨੇਡਾ ਰਾਹੀਂ ਭਾਰਤ ਆਇਆ
ਅਮਰੀਕੀ ਏਜੰਸੀਆਂ ਦੀ ਕਾਰਵਾਈ ਤੋਂ ਬਚਣ ਲਈ ਮੰਜੀਤ ਸਿੰਘ ਬੇਦੀ ਕਥਿਤ ਤੌਰ ’ਤੇ ਅਮਰੀਕਾ ਤੋਂ ਕੈਨੇਡਾ ਪਹੁੰਚਿਆ ਅਤੇ ਅਪ੍ਰੈਲ 2026 ’ਚ ਕੈਨੇਡਾ ਦੇ ਰਸਤੇ ਭਾਰਤ ਆ ਗਿਆ। ਇਸ ਤੋਂ ਬਾਅਦ ਉਹ ਪੰਜਾਬ ’ਚ ਆਪਣੀ ਪਛਾਣ ਲੁਕਾ ਕੇ ਰਹਿ ਰਿਹਾ ਸੀ। ਪੰਜਾਬ ਪੁਲਿਸ ਦੀਆਂ ਖੁਫੀਆ ਟੀਮਾਂ ਨੇ ਉਸ ਦੀਆਂ ਗਤੀਵਿਧੀਆਂ ਅਤੇ ਨੈੱਟਵਰਕ ਨੂੰ ਟ੍ਰੇਸ ਕੀਤਾ। ਇਸ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸਟੀਕ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ ਗਿਆ।
ਅਮਰੀਕੀ ਸਰਕਾਰ ਨੂੰ ਲਗਭਗ 5.3 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼
ਮੰਜੀਤ ਸਿੰਘ ਬੇਦੀ ’ਤੇ ਮਾਰਚ 2024 ਤੋਂ ਜੂਨ 2025 ਦਰਮਿਆਨ ਸਰਕਾਰੀ ਸਹਾਇਤਾ ਯੋਜਨਾ ਨਾਲ ਕਥਿਤ ਧੋਖਾਧੜੀ ਕਰਨ ਦਾ ਦੋਸ਼ ਹੈ। ਜਾਂਚ ਮੁਤਾਬਕ, ਇਸ ਫਰਾਡ ਰਾਹੀਂ ਅਮਰੀਕੀ ਸਰਕਾਰ ਨੂੰ ਘੱਟੋ-ਘੱਟ 6 ਲੱਖ ਅਮਰੀਕੀ ਡਾਲਰ (ਕਰੀਬ 5.3 ਕਰੋੜ ਰੁਪਏ) ਦਾ ਨੁਕਸਾਨ ਹੋਇਆ। ਇਸ ਮਾਮਲੇ ਤੋਂ ਬਾਅਦ ਅਮਰੀਕੀ ਜਾਂਚ ਏਜੰਸੀਆਂ ਨੇ ਬੇਦੀ ਨੂੰ ਆਪਣੇ ਮੋਸਟ ਵਾਂਟੇਡ ਫਰਾਡ ਮਾਮਲਿਆਂ ’ਚ ਸ਼ਾਮਲ ਕੀਤਾ ਹੋਇਆ ਸੀ।
ਹੁਣ ਅਮਰੀਕੀ ਏਜੰਸੀਆਂ ਨਾਲ ਸੰਪਰਕ
ਮੰਜੀਤ ਸਿੰਘ ਬੇਦੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਅਮਰੀਕੀ ਜਾਂਚ ਏਜੰਸੀਆਂ ਅਤੇ ਸਬੰਧਤ ਵਿਭਾਗਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਅਧਿਕਾਰੀ ਹੁਣ ਉਸ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਅਤੇ ਪ੍ਰਤਿਆਰਪਣ (Extradition) ਦੀ ਪ੍ਰਕਿਰਿਆ ’ਤੇ ਕੰਮ ਕਰ ਰਹੇ ਹਨ। ਪੰਜਾਬ ਪੁਲਿਸ ਦੀ ਇਸ ਕਾਰਵਾਈ ਨਾਲ ਇਹ ਸੰਦੇਸ਼ ਵੀ ਗਿਆ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਭਗੌੜੇ ਹੋ ਕੇ ਕਾਨੂੰਨ ਦੀ ਪਕੜ ਤੋਂ ਬਚਣਾ ਆਸਾਨ ਨਹੀਂ।







