- ਜੌਰਜੀਆ ਮੇਲੋਨੀ ਨੇ ਇਟਲੀ ’ਚ ਸਭ ਤੋਂ ਲੰਬੇ ਸਮੇਂ ਤੱਕ PM ਰਹਿਣ ਦਾ ਬਣਾਇਆ ਰਿਕਾਰਡ, PM ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ, 4 ਸਤੰਬਰ (ਦੇਸ਼ ਕਲਿੱਕ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿਣ ਦਾ ਰਿਕਾਰਡ ਬਣਾਉਣ ’ਤੇ ਵਧਾਈ ਦਿੱਤੀ ਹੈ। ਮੋਦੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਮੇਲੋਨੀ ਨੂੰ ਆਪਣੀ ਮਿੱਤਰ ਦੱਸਿਆ ਅਤੇ ਕਿਹਾ ਕਿ ਇਹ ਉਪਲਬਧੀ ਇਟਲੀ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਅਗਵਾਈ ’ਤੇ ਜਤਾਏ ਭਰੋਸੇ ਨੂੰ ਦਰਸਾਉਂਦੀ ਹੈ। PM ਮੋਦੀ ਨੇ ਕਿਹਾ ਕਿ ਮੇਲੋਨੀ ਦੀ ਦੋਸਤੀ ਨੇ ਭਾਰਤ ਅਤੇ ਇਟਲੀ ਵਿਚਾਲੇ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਬਿਹਤਰ ਭਵਿੱਖ ਲਈ ਅੱਗੇ ਵੀ ਮਿਲ ਕੇ ਕੰਮ ਕਰਨ ਦੀ ਉਮੀਦ ਜਤਾਈ ਅਤੇ ਮੇਲੋਨੀ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
1,413 ਦਿਨ ਸੱਤਾ ’ਚ ਰਹਿ ਕੇ ਬਣਾਇਆ ਨਵਾਂ ਰਿਕਾਰਡ
ਜੌਰਜੀਆ ਮੇਲੋਨੀ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਲਗਾਤਾਰ 1,413 ਦਿਨ ਸੱਤਾ ਵਿੱਚ ਰਹਿ ਕੇ ਇਟਲੀ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ। 1946 ਵਿੱਚ ਇਟਲੀ ਗਣਰਾਜ ਬਣਨ ਤੋਂ ਬਾਅਦ ਇਹ ਕਿਸੇ ਇੱਕ ਕੈਬਨਿਟ ਦਾ ਸਭ ਤੋਂ ਲੰਬਾ ਲਗਾਤਾਰ ਕਾਰਜਕਾਲ ਹੈ। ਮੇਲੋਨੀ ਨੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦੀ ਦੂਜੀ ਸਰਕਾਰ ਦਾ 1,412 ਦਿਨਾਂ ਦਾ ਰਿਕਾਰਡ ਤੋੜਿਆ ਹੈ। ਮੇਲੋਨੀ ਨੇ 22 ਅਕਤੂਬਰ 2022 ਨੂੰ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਉਹ ਸੱਜੇ ਪੱਖੀ ਪਾਰਟੀ ‘ਬ੍ਰਦਰਜ਼ ਆਫ ਇਟਲੀ’ ਦੀ ਮੁਖੀ ਵੀ ਹਨ।







